Punjab
Mohali Police: ਮੋਹਾਲੀ ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਚੋਰੀਸ਼ੁਦਾ ਵਾਹਨਾਂ ਸਮੇਤ ਦੋ ਕਾਬੂ
ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ
Mohali News: ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਪੁਲਿਸ ਨੇ ਵਾਹਨ ਚੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਅਲਟੋ ਕਾਰਾਂ ਤੇ ਅੱਠ ਮੋਟਰਸਾਈਕਲਾਂ ਸਮੇਤ ਕੁੱਲ 10 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ਵਾਹਨਾਂ ਦੀ ਬਰਾਮਦਗੀ ਨਾਲ ਚੰਡੀਗੜ੍ਹ, ਮੋਹਾਲੀ ਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ’ਚ ਦਰਜ ਵਾਹਨ ਚੋਰੀ ਦੇ ਕਈ ਮਾਮਲਿਆਂ ਦਾ ਭੇਤ ਖੁੱਲ੍ਹਿਆ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਇਸ ਦੀ ਨਿਗਰਾਨੀ ਐੱਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ, ਐੱਸਪੀ ਆਪਰੇਸ਼ਨ ਤਲਵਿੰਦਰ ਸਿੰਘ ਤੇ ਡੀਐੱਸਪੀ ਇਨਵੈਸਟੀਗੇਸ਼ਨ ਰਾਜਨ ਪਰਮਿੰਦਰ ਸਿੰਘ ਨੇ ਕੀਤੀ, ਜਦਕਿ ਸੀਆਈਏ ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : Abohar News: ਅਬੋਹਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਸਖ਼ਤ, ਵਿਸ਼ੇਸ਼ ਚੈਕਿੰਗ ਮੁਹਿੰਮ
ਪੁਲਿਸ ਨੂੰ 1 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਅਜੀਤ ਸਿੰਘ (29), ਵਾਸੀ ਅੰਸਲ ਏਪੀਆਈ ਸੈਕਟਰ-114, ਖਰੜ, ਜੋ ਇਸ ਸਮੇਂ ਸੈਕਟਰ-116 ’ਚ ਕਿਰਾਏ ’ਤੇ ਰਹਿ ਰਿਹਾ ਹੈ, ਵਾਹਨ ਚੋਰੀ ਦੀਆਂ ਵਾਰਦਾਤਾਂ ’ਚ ਸ਼ਾਮਲ ਹੈ। ਸੂਚਨਾ ਦੇ ਆਧਾਰ ’ਤੇ ਥਾਣਾ ਬਲੌਂਗੀ ’ਚ ਕੇਸ ਦਰਜ ਕਰਕੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਉਰਫ਼ ਕਰਨ (28), ਵਾਸੀ ਛੱਜੂ ਮਾਜਰਾ ਕਾਲੋਨੀ, ਖਰੜ ਤੇ ਮੌਜੂਦਾ ਵਾਸੀ ਪਿੰਡ ਭੂਪ ਨਗਰ, ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਿਸ ਅਨੁਸਾਰ ਜਸਪ੍ਰੀਤ ਚੋਰੀਸ਼ੁਦਾ ਵਾਹਨਾਂ ਨੂੰ ਆਮ ਲੋਕਾਂ ਨੂੰ ਧੋਖੇ ਨਾਲ ਵੇਚਣ ਦਾ ਕੰਮ ਕਰਦਾ ਸੀ। Mohali News
ਜਾਂਚ ’ਚ ਸਾਹਮਣੇ ਆਇਆ ਹੈ ਕਿ ਅਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਵਾਹਨ ਚੋਰੀ ਦੇ ਸੱਤ ਮਾਮਲੇ ਦਰਜ ਹਨ, ਜਦਕਿ ਜਸਪ੍ਰੀਤ ਸਿੰਘ ਖਿਲਾਫ਼ ਚਾਰ ਹੋਰ ਕੇਸ ਦਰਜ ਹਨ। ਬਰਾਮਦ ਵਾਹਨਾਂ ’ਚ ਦੋ ਅਲਟੋ ਕਾਰਾਂ, ਇੱਕ ਬੁਲੇਟ ਮੋਟਰਸਾਈਕਲ, ਇੱਕ ਅਪਾਚੇ ਮੋਟਰਸਾਈਕਲ ਤੇ ਪੰਜ ਸਪਲੈਂਡਰ ਮੋਟਰਸਾਈਕਲ ਸ਼ਾਮਲ ਹਨ। ਪੁਲਿਸ ਅਨੁਸਾਰ ਇਹ ਵਾਹਨ ਚੰਡੀਗੜ੍ਹ ਦੇ ਸੈਕਟਰ-17, 34, 36 ਤੇ 39 ਥਾਣਿਆਂ, ਮੋਹਾਲੀ ਦੇ ਮਟੌਰ ਥਾਣੇ ਤੇ ਰੂਪਨਗਰ ਦੇ ਚਮਕੌਰ ਸਾਹਿਬ ਥਾਣੇ ’ਚ ਦਰਜ ਚੋਰੀ ਦੇ ਮਾਮਲਿਆਂ ਨਾਲ ਸਬੰਧਤ ਹਨ। ਦੋਵੇਂ ਮੁਲਜ਼ਮ ਇਸ ਵੇਲੇ ਪੁਲਿਸ ਰਿਮਾਂਡ ’ਤੇ ਹਨ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਵਾਹਨ ਚੋਰੀ ਦੇ ਹੋਰ ਮਾਮਲਿਆਂ ਦਾ ਵੀ ਖੁਲਾਸਾ ਹੋਵੇਗਾ ਤੇ ਹੋਰ ਚੋਰੀਸ਼ੁਦਾ ਵਾਹਨਾਂ ਦੀ ਬਰਾਮਦਗੀ ਸੰਭਵ ਹੈ।