Punjab
Abohar News: ਅਬੋਹਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਸਖ਼ਤ, ਵਿਸ਼ੇਸ਼ ਚੈਕਿੰਗ ਮੁਹਿੰਮ
ਜੀਆਰਪੀ ਤੇ ਆਰਪੀਐਫ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ
Abohar News: ਅਬੋਹਰ (ਸੱਚ ਕਹੂੰ ਨਿਊਜ਼/ਹਿੰ.ਸ.)। ਆਜ਼ਾਦੀ ਦਿਵਸ ਤੇ ‘ਕਾਸੋ’ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਮੁਹਿੰਮ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਦੇ ਵਿਸ਼ੇਸ਼ ਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਵੱਲੋਂ ਸਟੇਸ਼ਨ ਪਰਿਸਰ ਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਜੀਆਰਪੀ ਦੇ ਏਐਸਆਈ ਜਗਸੀਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਮੱਦੇਨਜ਼ਰ ਸਾਰੀਆਂ ਪੁਲਿਸ ਟੀਮਾਂ ਨੂੰ ਪੂਰੀ ਤਰ੍ਹਾਂ ਮੁਸਤੈਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਟੇਸ਼ਨ ’ਤੇ ਨਿਯਮਤ ਤੇ ਸਘਣੀ ਚੈਕਿੰਗ ਕਰਨ ਦੇ ਨਾਲ-ਨਾਲ ਕਿਸੇ ਵੀ ਸ਼ੱਕੀ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਸੁਰੱਖਿਆ ਮੁਹਿੰਮ ਆਜ਼ਾਦੀ ਦਿਵਸ ਤੱਕ ਰੇਲਵੇ ਸਟੇਸ਼ਨ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲਗਾਤਾਰ ਜਾਰੀ ਰਹੇਗੀ।
ਏਐਸਆਈ ਜਗਸੀਰ ਸਿੰਘ ਨੇ ਯਾਤਰੀਆਂ ਤੇ ਆਮ ਲੋਕਾਂ ਨੂੰ ਵੀ ਸੁਰੱਖਿਆ ਪ੍ਰਬੰਧਾਂ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਰੇਲਵੇ ਸਟੇਸ਼ਨ ਜਾਂ ਰੇਲ ਗੱਡੀ ’ਚ ਕੋਈ ਸ਼ੱਕੀ ਵਿਅਕਤੀ, ਲਾਵਾਰਿਸ ਬੈਗ ਜਾਂ ਹੋਰ ਕੋਈ ਸ਼ੱਕੀ ਵਸਤੂ ਜਾਂ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਜੀਆਰਪੀ ਜਾਂ ਆਰਪੀਐਫ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਦੇ ਏਐਸਆਈ ਅਜੀਤ ਕੁਮਾਰ, ਏਐਸਆਈ ਪ੍ਰੇਮ ਚੰਦ, ਮਹਿਲਾ ਏਐਸਆਈ ਊਸ਼ਾ ਰਾਣੀ, ਮਨਜੀਤ ਸਿੰਘ ਤੇ ਆਰਪੀਐਫ ਅਬੋਹਰ ਦੇ ਏਐਸਆਈ ਸੁਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀ ਤੇ ਜਵਾਨ ਤਾਇਨਾਤ ਰਹੇ। ਉਨ੍ਹਾਂ ਵੱਲੋਂ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ’ਚ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। Abohar News
ਇਹ ਵੀ ਪੜ੍ਹੋ : Road Accident: ਦਰਦਨਾਕ ਹਾਦਸਾ, ਕਾਰ ਖੱਡ ’ਚ ਡਿੱਗੀ, ਪੰਜ ਦੀ ਮੌਤ, ਇੱਕ ਲਾਪਤਾ