Ludhiana School of Eminence: ਲੰਬੇ ਇੰਤਜ਼ਾਰ ਮਗਰੋਂ ਅੱਜ ਲੁਧਿਆਣਾ ਦੇ ਦੋ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਮਾਨ

ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕੈਂਪਸ ’ਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ

Khushdeep Singh Picture
Published On

Ludhiana School of Eminence: ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਲੰਬੇ ਇੰਤਜ਼ਾਰ ਤੇ ਕਈ ਵਾਰ ਉਦਘਾਟਨ ਟਲਣ ਮਗਰੋਂ ਆਖਿਰਕਾਰ ਅੱਜ ਲੁਧਿਆਣਾ ਦੇ ਕਿਦਵਈ ਨਗਰ ਤੇ ਮਿਲਰਗੰਜ-ਢੋਲੇਵਾਲ ਸਥਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਕੈਂਪਸ ’ਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਕਿਦਵਈ ਨਗਰ ਸਥਿਤ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਪਹਿਲਾਂ 28 ਮਈ ਨੂੰ ਪ੍ਰਸਤਾਵਿਤ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਦੀ ਰੁਝੇਵਿਆਂ ਕਾਰਨ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤੱਕ ਨਵੀਂ ਤਾਰੀਖ ਦਾ ਐਲਾਨ ਨਹੀਂ ਹੋਇਆ। ਸਕੂਲ ਦੀ ਇਮਾਰਤ ਪੂਰੀ ਤਰ੍ਹਾਂ ਤਿਆਰ ਹੋਣ ਦੇ ਬਾਵਜੂਦ ਇਹ ਕਈ ਮਹੀਨਿਆਂ ਤੋਂ ਬੰਦ ਪਈ ਸੀ। ਇਸ ਪ੍ਰਾਜੈਕਟ ਦੀ ਸਮਾਂ-ਸੀਮਾ ਪਹਿਲਾਂ ਵੀ ਕਈ ਵਾਰ ਅੱਗੇ ਵਧ ਚੁੱਕੀ ਹੈ।

ਪਿਛਲੇ ਸਾਲ ਨਵੰਬਰ ’ਚ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਐਲਾਨ ਕੀਤਾ ਸੀ ਕਿ ਸਕੂਲ ਤਿੰਨ ਮਹੀਨਿਆਂ ਦੇ ਅੰਦਰ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਵੀ ਮਾਰਚ 2025 ਤੱਕ ਸਕੂਲ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਸੀ। ਕਿਦਵਈ ਨਗਰ ਸਥਿਤ ਸਕੂਲ ਆਫ਼ ਐਮੀਨੈਂਸ ’ਚ 40 ਆਧੁਨਿਕ ਕਲਾਸਰੂਮ ਤਿਆਰ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਬਿਹਤਰ ਵਿੱਦਿਅਕ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲ ’ਚ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਗਿਆ ਹੈ। ਨਵੀਂ ਇਮਾਰਤ ਤਿਆਰ ਹੋਣ ਦੇ ਬਾਵਜੂਦ ਹੁਣ ਤੱਕ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਿਵੀਜ਼ਨ ਨੰਬਰ-3 ਦੇ ਸੀਮਤ ਥਾਂ ਵਾਲੇ ਪੁਰਾਣੇ ਕੈਂਪਸ ’ਚ ਪੜ੍ਹ ਰਹੇ ਸਨ।

ਨਵੇਂ ਕੈਂਪਸ ’ਚ ਮੁੱਖ ਤੌਰ ’ਤੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਥਾਂ ਦਿੱਤੀ ਜਾਵੇਗੀ, ਜਦਕਿ ਪੁਰਾਣੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਵਾਰ ਨਵੇਂ ਕੈਂਪਸ ’ਚ ਤਬਦੀਲ ਨਹੀਂ ਕੀਤਾ ਜਾਵੇਗਾ। ਮਿਲਰਗੰਜ-ਢੋਲੇਵਾਲ ਸਥਿਤ ਸਕੂਲ ਆਫ਼ ਐਮੀਨੈਂਸ ’ਚ ਵੀ ਵਿਦਿਆਰਥੀਆਂ ਲਈ ਕਈ ਨਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੱਥੇ ਹਰੇਕ ਕਲਾਸਰੂਮ ’ਚ ਪ੍ਰੋਜੈਕਟਰ ਤੇ ਸਕਰੀਨ ਲਾਏ ਗਏ ਹਨ। ਇਸ ਤੋਂ ਇਲਾਵਾ ਆਰ.ਓ. ਸਿਸਟਮ ਵਾਲੇ ਵਾਟਰ ਕੂਲਰ ਤੇ ਹੋਰ ਆਧੁਨਿਕ ਸਾਧਨ ਵੀ ਉਪਲਬਧ ਕਰਵਾਏ ਗਏ ਹਨ। ਦੋਵੇਂ ਸਕੂਲ ਪੰਜਾਬ ਸਰਕਾਰ ਦੀ ਸਰਕਾਰੀ ਸਕੂਲਾਂ ਦੇ ਆਧੁਨਿਕੀਕਰਨ ਦੀ ਯੋਜਨਾ ਦਾ ਹਿੱਸਾ ਹਨ। ਇਨ੍ਹਾਂ ਸਕੂਲਾਂ ’ਚ ਸਮਾਰਟ ਕਲਾਸਰੂਮ, ਆਧੁਨਿਕ ਵਿਗਿਆਨ ਤੇ ਕੰਪਿਊਟਰ ਲੈਬ, ਸੀਸੀਟੀਵੀ ਨਿਗਰਾਨੀ, ਬਿਹਤਰ ਖੇਡ ਸਹੂਲਤਾਂ ਤੇ ਵਿਦਿਆਰਥੀਆਂ ਲਈ ਅਨੁਕੂਲ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : MSG Bhandara Month: ਪਵਿੱਤਰ MSG ਅਵਤਾਰ ਮਹੀਨੇ ਦੀ ਖੁਸ਼ੀ ਸਾਧ-ਸੰਗਤ ਨੇ ਬੱਚਿਆਂ ਨਾਲ ਮਨਾਈ

ਮੁੱਖ ਮੰਤਰੀ ਦੇ ਦੌਰੇ ਸਬੰਧੀ ਦੋਵੇਂ ਸਕੂਲਾਂ ’ਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਿਦਵਈ ਨਗਰ ਸਕੂਲ ’ਚ ਪ੍ਰਬੰਧਾਂ ਦੀ ਨਿਗਰਾਨੀ ਲਈ 6 ਅਧਿਆਪਕਾਂ ਦੀ ਡਿਊਟੀ ਲਾਈ ਗਈ ਹੈ। ਇਹ ਅਧਿਆਪਕ ਕਲਾਸਰੂਮਾਂ, ਪ੍ਰੋਜੈਕਟਰਾਂ ਤੇ ਹੋਰ ਉਪਕਰਨਾਂ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ। ਉੱਥੇ ਹੀ ਮਿਲਰਗੰਜ-ਢੋਲੇਵਾਲ ਸਕੂਲ ’ਚ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਲਈ 5 ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਦੋਵੇਂ ਸਕੂਲ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਦਘਾਟਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। Ludhiana School of Eminence

About The Author

Related Posts