Punjab Roadways News: ਰੋਡਵੇਜ ਬੱਸ ਦਾ ਟਾਇਰ ਫਟਣ ਨਾਲ ਯਾਤਰੀ ਦੀ ਲੱਤ ਟੁੱਟੀ, ਕਈ ਹੋਰ ਜਖ਼ਮੀ
Punjab Roadways News:ਡਰਾਈਵਰ ਦਾ ਦਾਅਵਾ- ਕਈ ਵਾਰ ਖਰਾਬ ਟਾਇਰਾਂ ਬਾਰੇ ਅਧਿਕਾਰੀਆਂ ਨੂੰ ਕੀਤਾ ਸੀ ਸੁਚੇਤ
ਫਿਲੌਰ (ਹਿੰ.ਸ.)। ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜੇ ਪਿੰਡ ਭਟੀਆਂ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਮੰਗਲਵਾਰ ਰਾਤ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦਾ ਟਾਇਰ ਅਚਾਨਕ ਫੱਟਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਬੱਸ ਵਿੱਚ ਸਵਾਰ ਰਣਜੀਤ ਸਿੰਘ ਦੀ ਲੱਤ ਟੁੱਟ ਗਈ, ਜਦਕਿ ਕਈ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਵਿੱਚ ਬੱਸ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ।
ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਹਗੀਰ ਵੱਲੋਂ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਪੰਜਾਬ ਰੋਡਵੇਜ਼ ਦੀ ਬੱਸ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ। ਜਿਵੇਂ ਹੀ ਬੱਸ ਪਿੰਡ ਭਟੀਆਂ ਨੇੜੇ ਪਹੁੰਚੀ ਤਾਂ ਉਸ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ।
Read Also : Earthquake: ਭੂਚਾਲ ਨਾਲ ਕੰਬਿਆ ਇਹ ਦੇਸ਼, ਲੋਕਾਂ ਨੂੰ ਪਈਆਂ ਭਾਜੜਾਂ
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਯਾਤਰੀ ਰਣਜੀਤ ਸਿੰਘ ਨੂੰ ਐੱਸਐੱਸਐੱਫ ਦੀ ਟੀਮ ਨੇ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ। ਘਟਨਾ ਦੀ ਜਾਣਕਾਰੀ ਫਿਲੌਰ ਥਾਣੇ ਦੇ ਡਿਊਟੀ ਅਫ਼ਸਰ ਨੂੰ ਵੀ ਦਿੱਤੀ ਗਈ ਅਤੇ ਅਗਲੀ ਕਾਰਵਾਈ ਲਈ ਬੱਸ ਨੂੰ ਥਾਣੇ ਭੇਜ ਦਿੱਤਾ ਗਿਆ ਹੈ।ਬੱਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਹ ਕਾਫ਼ੀ ਸਮੇਂ ਤੋਂ ਉੱਚ ਅਧਿਕਾਰੀਆਂ ਨੂੰ ਬੱਸ ਦੇ ਟਾਇਰਾਂ ਦੀ ਖਰਾਬ ਹਾਲਤ ਬਾਰੇ ਜਾਣੂ ਕਰਵਾ ਰਹੇ ਸਨ।
ਉਨ੍ਹਾਂ ਨੇ ਹਾਦਸੇ ਦੀ ਸੰਭਾਵਨਾ ਬਾਰੇ ਵੀ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ, ਪਰ ਇਸ ਦੇ ਬਾਵਜੂਦ ਟਾਇਰ ਨਹੀਂ ਬਦਲੇ ਗਏ।ਜਾਣਕਾਰੀ ਅਨੁਸਾਰ ਹਾਦਸੇ ਵੇਲੇ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ। ਟਾਇਰ ਇੰਨੀ ਤੇਜ਼ ਆਵਾਜ਼ ਨਾਲ ਫਟਿਆ ਕਿ ਉਸ ਦਾ ਅਸਰ ਬੱਸ ਦੀ ਬਾਡੀ ਤੱਕ ਪਹੁੰਚਿਆ ਅਤੇ ਅੰਦਰੂਨੀ ਹਿੱਸੇ ਨੂੰ ਵੀ ਨੁਕਸਾਨ ਹੋਇਆ। ਹਾਲਾਂਕਿ, ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਿਸ ਕਾਰਨ ਸਾਰੇ ਯਾਤਰੀਆਂ ਨੇ ਰਾਹਤ ਮਹਿਸੂਸ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।