Jagraon News: ਆਵਾਰਾ ਕੁੱਤਿਆਂ ਨੇ ਸਾਬਕਾ ਸਰਪੰਚ ਨੂੰ ਨੋਚ-ਨੋਚ ਮਾਰਿਆ, ਖੇਤ ਵਿੱਚੋਂ ਮਿਲੀ ਲਾਸ਼

ਜਗਰਾਓਂ ’ਚ ਆਵਾਰਾ ਕੁੱਤਿਆਂ ਦਾ ਕਹਿਰ

Khushdeep Singh Picture
Published On

Jagraon News: ਜਗਰਾਓਂ (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਜਗਰਾਓਂ ਇਲਾਕੇ ’ਚ ਆਵਾਰਾ ਕੁੱਤਿਆਂ ਦੇ ਹਮਲੇ ’ਚ ਇੱਕ 80 ਸਾਲਾ ਸਾਬਕਾ ਸਰਪੰਚ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਪੱਬੀਆਂ ਦੇ ਰਹਿਣ ਵਾਲੇ ਜਗਦੀਸ਼ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦੇਰ ਰਾਤ ਬਾਥਰੂਮ ਜਾਣ ਲਈ ਆਪਣੇ ਕਮਰੇ ਤੋਂ ਬਾਹਰ ਨਿਕਲੇ ਸਨ, ਜਦੋਂ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਕੁੱਤਿਆਂ ਨੇ ਉਨ੍ਹਾਂ ਨੂੰ ਘੇਰ ਕੇ ਜ਼ਮੀਨ ’ਤੇ ਸੁੱਟ ਦਿੱਤਾ ਤੇ ਬੁਰੀ ਤਰ੍ਹਾਂ ਨੋਚਿਆ। ਹਮਲੇ ਦੌਰਾਨ ਉਨ੍ਹਾਂ ਦਾ ਇੱਕ ਬਾਂਹ ਤੇ ਇੱਕ ਲੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਗੰਭੀਰ ਸੱਟਾਂ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪਿੰਡ ਵਾਸੀਆਂ ਅਨੁਸਾਰ ਜਗਦੀਸ਼ ਸਿੰਘ ਲੰਬੇ ਸਮੇਂ ਤੋਂ ਆਪਣੇ ਖੇਤ ਵਿੱਚ ਬਣੇ ਮੋਟਰ ਵਾਲੇ ਕਮਰੇ ’ਚ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੀ ਇੱਕ ਧੀ ਹੈ, ਜਿਸ ਦਾ ਵਿਆਹ ਹੋ ਚੁੱਕਾ ਹੈ। ਉਹ ਕਰੀਬ 40 ਸਾਲ ਪਹਿਲਾਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਸਨ। ਬੁੱਧਵਾਰ ਦੇਰ ਰਾਤ ਉਹ ਬਾਥਰੂਮ ਜਾਣ ਲਈ ਬਾਹਰ ਨਿਕਲੇ, ਜਿੱਥੇ ਆਵਾਰਾ ਕੁੱਤਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਵੀਰਵਾਰ ਸਵੇਰੇ ਉਨ੍ਹਾਂ ਦਾ ਭਤੀਜਾ ਪਵਨਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਚਾਹ ਦੇਣ ਖੇਤ ’ਚ ਪਹੁੰਚਿਆ ਤਾਂ ਜਗਦੀਸ਼ ਸਿੰਘ ਕਮਰੇ ’ਚ ਨਹੀਂ ਸਨ। ਕੁਝ ਦੂਰ ਖੇਤ ਵਿੱਚ ਉਨ੍ਹਾਂ ਦੀ ਲਾਸ਼ ਪਈ ਮਿਲੀ, ਜਿਸ ਤੋਂ ਬਾਅਦ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਗਿਆ। Jagraon News

Read Also : Jalandhar News: ਹਾਈ ਅਲਰਟ ’ਤੇ ਜਲੰਧਰ, ਕੈਂਟ ਰੇਲਵੇ ਸਟੇਸ਼ਨ ’ਤੇ ਵਧਾਈ ਸੁਰੱਖਿਆ

ਬਾਬਾ ਸਿੱਧ ਸਪੋਰਟਸ ਕਲੱਬ ਪਿੰਡ ਪੱਬੀਆਂ ਦੇ ਪ੍ਰਧਾਨ ਜਗਰਾਜ ਸਿੰਘ ਟੀਟੂ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਸੀ, ਪਰ ਗਰਮੀ ਕਾਰਨ ਲਾਸ਼ ਦੀ ਹਾਲਤ ਖ਼ਰਾਬ ਹੋ ਰਹੀ ਸੀ ਤੇ ਕੁੱਤਿਆਂ ਦੇ ਹਮਲੇ ਨਾਲ ਸਰੀਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਇਸ ਲਈ ਪਰਿਵਾਰ ਤੇ ਪਿੰਡ ਵਾਸੀਆਂ ਨੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਅੰਤਿਮ ਸਸਕਾਰ ਕਰ ਦਿੱਤਾ। ਪਿੰਡ ਦੇ ਵਸਨੀਕ ਜਗਰਾਜ ਸਿੰਘ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦਾ ਖ਼ੌਫ਼ ਇੰਨਾ ਵੱਧ ਗਿਆ ਹੈ ਕਿ ਲੋਕ ਹਨੇਰਾ ਹੋਣ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਤਾਂ ਪਿੰਡ ਵਾਸੀ ਸੰਘਰਸ਼ ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। Jagraon News

About The Author

Related Posts