Punjab
Faridkot News: ਸਬਸਿਡੀ ਵਾਲੀ ਖਾਦ ਦੀ ‘ਟੈਗਿੰਗ’ ਦੀ ਜਾਂਚ ਹੋਵੇ : ਅਰਸ਼ ਸੱਚਰ
ਸਬਸਿਡੀ ਵਾਲੀ ਖਾਦ ਦੀ ‘ਟੈਗਿੰਗ’ ਦੀ ਜਾਂਚ ਹੋਵੇ : ਅਰਸ਼ ਸੱਚਰ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਪੰਜਾਬ ਦੇ ਕਿਸਾਨਾਂ ਨਾਲ ਜੁੜੇ ਇੱਕ ਮਹੱਤਵਪੂਰਨ ਜਨਹਿੱਤ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਪੰਜਾਬ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਪ੍ਰਤੀਨਿਧਿਤਾ ਭੇਜ ਕੇ ਸਬਸਿਡੀ ਵਾਲੀ ਯੂਰੀਆ ਅਤੇ ਡੀਏਪੀ ਖਾਦ ਦੀ ਵਿਕਰੀ ਦੌਰਾਨ ਕਥਿਤ ‘ਟੈਗਿੰਗ’ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਜੇਕਰ ਕਿਸੇ ਵੀ ਥਾਂ ਕਿਸਾਨਾਂ ਨੂੰ ਸਬਸਿਡੀ ਵਾਲੀ ਖਾਦ ਖਰੀਦਣ ਸਮੇਂ ਨੈਨੋ ਯੂਰੀਆ, ਨੈਨੋ ਡੀਏਪੀ ਜਾਂ ਹੋਰ ਉਤਪਾਦ ਜ਼ਬਰਦਸਤੀ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਅਜਿਹੀਆਂ ਸ਼ਿਕਾਇਤਾਂ ਦੀ ਤੁਰੰਤ ਤੇ ਤੱਥਾਂ ਦੇ ਆਧਾਰ ’ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਮੁਲਜ਼ਮਾਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਾਲੀ ਖਾਦ ਬਿਨਾਂ ਕਿਸੇ ਬੇਲੋੜੀ ਸ਼ਰਤ ਜਾਂ ਦਬਾਅ ਦੇ ਉਪਲਬਧ ਹੋਣੀ ਚਾਹੀਦੀ ਹੈ। ਪਾਰਦਰਸ਼ੀ ਤੇ ਨਿਰਪੱਖ ਖਾਦ ਵੰਡ ਪ੍ਰਣਾਲੀ ਹੀ ਕਿਸਾਨਾਂ ਦਾ ਭਰੋਸਾ ਮਜ਼ਬੂਤ ਕਰ ਸਕਦੀ ਹੈ।
Read Also : Barnala News: ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ਤੇ ਪੁਲਿਸ ਵਿਚਾਲੇ ਝੜਪ, ਐਸਡੀ ਕਾਲਜ ਨੇੜੇ ਧਰਨਾ
ਆਪਣੀ ਪ੍ਰਤੀਨਿਧਿਤਾ ’ਚ ਅਰਸ਼ ਸੱਚਰ ਨੇ ਰਾਜ ਪੱਧਰੀ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ, ਫਲਾਇੰਗ ਸਕੁਆਡਾਂ ਰਾਹੀਂ ਅਚਨਚੇਤ ਨਿਰੀਖਣ ਕਰਨ, ਟੋਲ-ਫ੍ਰੀ ਹੈਲਪਲਾਈਨ ਸ਼ੁਰੂ ਕਰਨ, ਜ਼ਿਲ੍ਹਾ ਪੱਧਰ ’ਤੇ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕਰਨ ਤੇ ਡਿਜ਼ਿਟਲ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਰਗੇ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪ੍ਰਤੀਨਿਧਿਤਾ ਕਿਸੇ ਵਿਅਕਤੀ, ਡੀਲਰ ਜਾਂ ਸੰਸਥਾ ਵਿਸ਼ੇਸ਼ ਵਿਰੁੱਧ ਨਹੀਂ, ਸਗੋਂ ਪੂਰੀ ਤਰ੍ਹਾਂ ਲੋਕ ਹਿੱਤ ਤੇ ਕਿਸਾਨ ਹਿੱਤ ਨੂੰ ਧਿਆਨ ’ਚ ਰੱਖ ਕੇ ਦਿੱਤੀ ਗਈ ਹੈ, ਤਾਂ ਜੋ ਜੇਕਰ ਕਿਤੇ ਵੀ ਕੋਈ ਗਲਤ ਪ੍ਰਥਾ ਹੋ ਰਹੀ ਹੋਵੇ ਤਾਂ ਉਸ ਨੂੰ ਰੋਕਿਆ ਜਾ ਸਕੇ ਤੇ ਕਿਸਾਨਾਂ ਦੇ ਹੱਕਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਅਰਸ਼ ਸੱਚਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਜਨਹਿੱਤ ਦੇ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਵਿਚਾਰਦੇ ਹੋਏ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ, ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਪਾਰਦਰਸ਼ੀ, ਨਿਰਪੱਖ ਤੇ ਬਿਨਾਂ ਕਿਸੇ ਦਬਾਅ ਵਾਲੀ ਖਾਦ ਵੰਡ ਪ੍ਰਣਾਲੀ ਦਾ ਲਾਭ ਮਿਲ ਸਕੇ।