Harbhajan Singh: ਹਰਭਜਨ ਸਿੰਘ ਦੀ ਪੰਜਾਬ ਪੁਲਿਸ ਸੁਰੱਖਿਆ ਬਹਾਲ ਕਰਨ ਦੀ ਪਟੀਸ਼ਨ ਖਾਰਜ
ਹਰਭਜਨ ਸਿੰਘ ਭੱਜੀ ਨੂੰ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ
Harbhajan Singh: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਵਾਸੀ ਸਾਬਕਾ ਕ੍ਰਿਕੇਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਝਟਕਾ ਲੱਗਿਆ ਹੈ। ਅਦਾਲਤ ਨੇ ਪੰਜਾਬ ਪੁਲਿਸ ਵੱਲੋਂ ਵਾਪਸ ਲਈ ਗਈ ਸੁਰੱਖਿਆ ਮੁੜ ਬਹਾਲ ਕਰਨ ਦੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ ਰਿਕਾਰਡ ਦੇ ਆਧਾਰ ’ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਹਰਭਜਨ ਸਿੰਘ ਦੀ ਸੁਰੱਖਿਆ ਇਸ ਲਈ ਵਾਪਸ ਲਈ ਗਈ ਕਿਉਂਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ। ਅਦਾਲਤ ਨੇ ਮੰਨਿਆ ਕਿ ਸੁਰੱਖਿਆ ਹਟਾਉਣ ਦਾ ਫੈਸਲਾ ਸੁਰੱਖਿਆ ਸਮੀਖਿਆ ਕਮੇਟੀ ਵੱਲੋਂ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ਼ ਘਰ ਦੇ ਬਾਹਰ ਪ੍ਰਦਰਸ਼ਨ ਹੋਣਾ ਜਾਂ ਕਿਸੇ ਨੂੰ ਗੱਦਾਰ ਕਹਿਣਾ ਆਪਣੇ ਆਪ ’ਚ ਜਾਨ ਨੂੰ ਖਤਰੇ ਦਾ ਸਬੂਤ ਨਹੀਂ ਬਣਦਾ, ਖਾਸ ਕਰਕੇ ਜਦੋਂ ਪ੍ਰਦਰਸ਼ਨ ਹਿੰਸਕ ਨਾ ਹੋਵੇ।
ਹਾਈਕੋਰਟ ਨੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਵਾਈ+ ਸੁਰੱਖਿਆ ਤੇ ਪੰਜਾਬ ਆਉਣ ’ਤੇ ਸੂਬੇ ਸਰਕਾਰ ਵੱਲੋਂ ਸਥਾਨਕ ਸੁਰੱਖਿਆ ਦੇਣ ਦੇ ਭਰੋਸੇ ਨੂੰ ਧਿਆਨ ’ਚ ਰੱਖਦਿਆਂ ਬਿਨਾਂ ਕਿਸੇ ਹੋਰ ਨਿਰਦੇਸ਼ ਦੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਭੱਜੀ ਨੇ 24 ਅਪਰੈਲ ਨੂੰ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ। ਇਸ ਤੋਂ ਅਗਲੇ ਦਿਨ 25 ਅਪਰੈਲ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। ਬਾਅਦ ’ਚ ਉਹ ਰਾਘਵ ਚੱਢਾ ਦੇ ਨਾਲ ਭਾਜਪਾ ’ਚ ਸ਼ਾਮਲ ਹੋ ਗਏ ਸਨ। ਹਰਭਜਨ ਸਿੰਘ ਦੇ ਵਕੀਲ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਤੇ ਆਮ ਆਦਮੀ ਪਾਰਟੀ ’ਚ ਰਹਿੰਦੇ ਹੋਏ ਉਨ੍ਹਾਂ ਨੂੰ ਕਰੀਬ 25 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਮਿਲੀ ਹੋਈ ਸੀ। ਉਨ੍ਹਾਂ ਕਿਹਾ ਕਿ ਪਾਰਟੀ ਛੱਡਣ ਦੇ ਤੁਰੰਤ ਬਾਅਦ ਸੁਰੱਖਿਆ ਵਾਪਸ ਲੈ ਲਈ ਗਈ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਸੀ ਕਿ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਬਿਨਾਂ ਕਿਸੇ ਸੁਰੱਖਿਆ ਸਮੀਖਿਆ ਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਲਿਆ ਗਿਆ।
Read Also : ਪਹਿਲੀ ਹਾਈਡਰੋਜਨ ਟਰੇਨ ਕਿਉਂ ਹੈ ਖਾਸ? ਅਸ਼ਵਨੀ ਵੈਸ਼ਨਵ ਨੇ ਦੱਸੀਆ ਬਰੀਕੀਆਂ, ਮਾਹਿਰਾਂ ਦਾ ਕੀ ਹੈ ਕਹਿਣਾ?
ਉਨ੍ਹਾਂ ਇਹ ਵੀ ਕਿਹਾ ਸੀ ਕਿ ਜਲੰਧਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਹੋਏ ਅਤੇ ਉਨ੍ਹਾਂ ਨੂੰ ਗੱਦਾਰ ਦੱਸਣ ਵਾਲੇ ਪੋਸਟਰ ਲਾਏ ਗਏ, ਜਿਸ ਕਾਰਨ ਉਨ੍ਹਾਂ ਨੂੰ ਅਸਲ ਖਤਰਾ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਨਹੀਂ, ਸਗੋਂ ਇਸ ਤੋਂ ਪਹਿਲਾਂ 3 ਮਾਰਚ 2026 ਨੂੰ ਸੁਰੱਖਿਆ ਸਮੀਖਿਆ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਮੁਲਾਂਕਣ ਦੇ ਆਧਾਰ ’ਤੇ ਲਿਆ ਗਿਆ ਸੀ। ਸਰਕਾਰ ਨੇ ਕਿਹਾ ਕਿ ਸਮੀਖਿਆ ਦੌਰਾਨ ਕਿਸੇ ਵੀ ਸੁਰੱਖਿਆ ਏਜੰਸੀ ਵੱਲੋਂ ਉਨ੍ਹਾਂ ਸਬੰਧੀ ਕੋਈ ਖਾਸ ਖਤਰੇ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਰਭਜਨ ਸਿੰਘ ਦੀ ਪੰਜਾਬ ’ਚ ਗਤੀਵਿਧੀ ਸੀਮਿਤ ਹੈ ਤੇ ਉਹ ਜ਼ਿਆਦਾਤਰ ਸਮਾਂ ਸੂਬੇ ਤੋਂ ਬਾਹਰ ਰਹਿੰਦੇ ਹਨ। ਇਸ ਲਈ ਜਦੋਂ ਵੀ ਉਹ ਪੰਜਾਬ ਆਉਣਗੇ, ਜਲੰਧਰ ਪੁਲਿਸ ਵੱਲੋਂ ਲੋੜ ਅਨੁਸਾਰ ਸਥਾਨਕ ਸੁਰੱਖਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 4 ਮਈ 2026 ਨੂੰ ਸੀਆਰਪੀਐੱਫ ਰਾਹੀਂ ਹਰਭਜਨ ਸਿੰਘ ਨੂੰ ਵਾਈ+ ਸ਼੍ਰੇਣੀ ਦੀ ਸੁਰੱਖਿਆ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਚੁੱਕੀ ਹੈ। Harbhajan Singh