Samana News: ਜੋਗਿੰਦਰ ਪਾਲ ਇੰਸਾਂ ਨੇ ਦੇਹਾਂਤ ਉਪਰੰਤ ਵੀ ਨਿਭਾਇਆ ਮਨੁੱਖਤਾ ਦਾ ਫ਼ਰਜ਼
ਸਮਾਣਾ ਦੇ 12ਵੇਂ ਸਰੀਰਦਾਨੀ ਦਾ ਖੱਟਿਆ ਮਾਣ
ਸਮਾਣਾ (ਸੁਨੀਲ ਚਾਵਲਾ)। ਡੇਰਾ ਪ੍ਰੇਮੀ ਜੋਗਿੰਦਰ ਪਾਲ ਇੰਸਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਆਖਰੀ ਇੱਛਾ ਦਾ ਸਤਿਕਾਰ ਕਰਦੇ ਹੋਏ ਨੇਤਰਦਾਨ ਅਤੇ ਸਰੀਰਦਾਨ ਕਰਕੇ ਇੱਕ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ। ਇਸ ਉਪਰਾਲੇ ਦੀ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਅਗਾਂਹਵਧੂ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਮਹਾਨ ਫ਼ੈਸਲੇ ਨਾ ਸਿਰਫ਼ ਦੂਜਿਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਦੇ ਹਨ, ਸਗੋਂ ਸਮਾਜ ਵਿੱਚ ਮਨੁੱਖਤਾ, ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਸਮੂਹ ਸਾਧ-ਸੰਗਤ ਵੱਲੋਂ ਭਾਵੁਕ ਮਾਹੌਲ ਵਿੱਚ ‘ਪ੍ਰੇਮੀ ਜੋਗਿੰਦਰ ਪਾਲ ਇੰਸਾਂ ਅਮਰ ਰਹੇ’ ਅਤੇ ‘ਜਬ ਤੱਕ ਸੂਰਜ ਚਾਂਦ ਰਹੇਗਾ, ਜੋਗਿੰਦਰ ਪਾਲ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰੇ ਲਾਏ ਗਏ।
Read Also : ਡੇਰਾ ਸ਼ਰਧਾਲੂਆਂ ਤੇ ਦੁਕਾਨਦਾਰਾਂ ਨੇ ਮਿਲ ਕੇ ਬੁਝਾਈ ਸੈਲੂਨ ’ਚ ਲੱਗੀ ਅੱਗ
ਜਾਣਕਾਰੀ ਅਨੁਸਾਰ ਪ੍ਰੇਮੀ ਜੋਗਿੰਦਰ ਪਾਲ ਇੰਸਾਂ ਨੇ ਆਪਣੇ ਜੀਵਨ ਦੌਰਾਨ ਹੀ ਮਰਨ ਉਪਰੰਤ ਨੇਤਰਦਾਨ ਅਤੇ ਸਰੀਰਦਾਨ ਕਰਨ ਦਾ ਸੰਕਲਪ ਲਿਆ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਇਸ ਆਖਰੀ ਇੱਛਾ ਨੂੰ ਪੂਰਾ ਕਰਦਿਆਂ ਪਹਿਲਾਂ ਨੇਤਰਦਾਨ ਕਰਵਾਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਤੇ ਹਸਪਤਾਲ ਝੱਜਰ ਹਰਿਆਣਾ ਨੂੰ ਦਾਨ ਕੀਤੀ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਨਰੇਸ਼ ਕਾਲੜਾ ਇੰਸਾਂ, ਗੁਰਚਰਨ ਇੰਸਾਂ, ਸੇਵਾਦਾਰ ਜੀਵਨ ਇੰਸਾਂ, ਅਮਿਤ ਇੰਸਾਂ ਤੇ ਸਨੀ ਇੰਸਾਂ ਨੇ ਕਿਹਾ ਕਿ ਅੰਗਦਾਨ, ਨੇਤਰਦਾਨ ਅਤੇ ਸਰੀਰਦਾਨ ਵਰਗੇ ਕਾਰਜ ਸਮਾਜ ਵਿੱਚ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਜਿਹੀਆਂ ਮਿਸਾਲਾਂ ਨਾਲ ਹੋਰ ਲੋਕ ਵੀ ਪ੍ਰੇਰਿਤ ਹੁੰਦੇ ਹਨ।
ਇਹ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਬਣੇਗਾ : ਐੱਮਸੀ
ਇਸ ਮੌਕੇ ਐੱਮਸੀ ਯਤਿੰਦਰ ਸ਼ਰਮਾ ਨੇ ਕਿਹਾ ਕਿ ਡੇਰਾ ਪ੍ਰੇਮੀ ਜੋਗਿੰਦਰ ਪਾਲ ਇੰਸਾਂ ਦੀ ਇਸ ਮਹਾਨ ਸੇਵਾ ਨੇ ਇੱਕ ਵਾਰ ਫਿਰ ਇਹ ਸੰਦੇਸ਼ ਦਿੱਤਾ ਹੈ ਕਿ ਮਨੁੱਖਤਾ ਦੀ ਸੇਵਾ ਸਿਰਫ਼ ਜੀਵਨ ਤੱਕ ਹੀ ਸੀਮਤ ਨਹੀਂ ਹੁੰਦੀ। ਇਨਸਾਨ ਆਪਣੀ ਮੌਤ ਤੋਂ ਬਾਅਦ ਵੀ ਆਪਣੇ ਅੰਗਾਂ ਅਤੇ ਸਰੀਰ ਰਾਹੀਂ ਸਮਾਜ ਦੀ ਭਲਾਈ ਲਈ ਯੋਗਦਾਨ ਪਾ ਸਕਦਾ ਹੈ। ਇਹ ਉਪਰਾਲਾ ਨਿਸ਼ਚਿਤ ਤੌਰ ’ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਬਣੇਗਾ ਅਤੇ ਹੋਰ ਲੋਕਾਂ ਨੂੰ ਵੀ ਨੇਤਰਦਾਨ ਅਤੇ ਸਰੀਰਦਾਨ ਵਰਗੇ ਮਹਾਨ ਕਾਰਜਾਂ ਨਾਲ ਜੁੜਨ ਲਈ ਉਤਸ਼ਾਹਿਤ ਕਰੇਗਾ।
ਸਰੀਰਦਾਨ ਨਾਲ ਮੈਡੀਕਲ ਖੋਜਾਂ ਨੂੰ ਮਿਲਦੀ ਹੈ ਨਵੀਂ ਦਿਸ਼ਾ : ਐੱਸਐੱਮਓ
ਇਸ ਮੌਕੇ ਸਿਵਲ ਹਸਪਤਾਲ ਸਮਾਣਾ ਦੀ ਐੱਸਐੱਮਓ ਡਾ. ਨੰਦਨੀ ਸ਼ਰਮਾ ਤੇ ਜਿਤੇਨ ਡਾਹਰਾ ਨੇ ਕਿਹਾ ਕਿ ਸਰੀਰਦਾਨ ਅਤੇ ਨੇਤਰਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਦਾਨ ਕੀਤਾ ਗਿਆ ਮਨੁੱਖੀ ਸਰੀਰ ਮੈਡੀਕਲ ਵਿਦਿਆਰਥੀਆਂ ਲਈ ਇੱਕ ਜੀਵੰਤ ਪਾਠ ਪੁਸਤਕ ਵਾਂਗ ਹੁੰਦਾ ਹੈ। ਇਸ ਰਾਹੀਂ ਉਹ ਮਨੁੱਖੀ ਸਰੀਰ ਦੀ ਬਣਤਰ, ਅੰਗਾਂ ਦੀ ਕਾਰਜਪ੍ਰਣਾਲੀ ਅਤੇ ਵੱਖ-ਵੱਖ ਬਿਮਾਰੀਆਂ ਨੂੰ ਵਿਸਥਾਰ ਨਾਲ ਸਮਝਦੇ ਹਨ।
ਇਹ ਗਿਆਨ ਭਵਿੱਖ ਵਿੱਚ ਹਜ਼ਾਰਾਂ ਮਰੀਜ਼ਾਂ ਦੇ ਬਿਹਤਰ ਇਲਾਜ ਵਿੱਚ ਮੱਦਦਗਾਰ ਸਾਬਤ ਹੁੰਦਾ ਹੈ। ਡਾ. ਨੰਦਨੀ ਸ਼ਰਮਾ ਨੇ ਕਿਹਾ ਕਿ ਨੇਤਰਦਾਨ ਰਾਹੀਂ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿੱਚ ਮੁੜ ਰੌਸ਼ਨੀ ਲਿਆਂਦੀ ਜਾ ਸਕਦੀ ਹੈ, ਜਦੋਂਕਿ ਸਰੀਰਦਾਨ ਨਾਲ ਮੈਡੀਕਲ ਖੋਜਾਂ ਨੂੰ ਨਵੀਂ ਦਿਸ਼ਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜੇ ਵੀ ਇਸ ਵਿਸ਼ੇ ਬਾਰੇ ਜਾਗਰੂਕਤਾ ਦੀ ਲੋੜ ਹੈ ਅਤੇ ਅਜਿਹੇ ਪ੍ਰੇਰਨਾਦਾਇਕ ਉਪਰਾਲੇ ਲੋਕਾਂ ਨੂੰ ਅੱਗੇ ਆਉਣ ਲਈ ਹੌਸਲਾ ਦਿੰਦੇ ਹਨ।