Congress Punjab News: ਸਾਨੂੰ ਨਹੀਂ ਚਾਹੀਦਾ ਸਮਝੌਤਾਵਾਦੀ ਆਗੂ : ਚੰਨੀ ਗੁੱਟ ਸਮਝੌਤਾਵਾਦੀ ਹੋਇਆ ਤਾਂ ਜਾਏਗਾ ਬਾਹਰ : ਬਘੇਲ

ਘੰਟਾ ਭਰ ਚੱਲੀ ਮੀਟਿੰਗ ’ਚ ਚੰਨੀ ਗੁੱਟ ਨੇ ਬਘੇਲ ਨੂੰ ਸੁਣਾਈ ਖ਼ਰੀ-ਖਰੀ, ਰਾਜਾ ਨਹੀਂ ਬਰਦਾਸ਼ਤ

Satinder Mathur  Picture
Published On
92 ਵਿਧਾਨ ਸਭਾ ਹਲਕਿਆਂ ਤੋਂ ਪੁੱਜੇ ਕਾਂਗਰਸੀ ਆਗੂ

Congress Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਵਿੱਚ ਭਖੇ ਹੋਏ ਆਪਸੀ ਕਲੇਸ਼ ਨੂੰ ਸ਼ਾਂਤ ਕਰਨ ਲਈ ਆਏ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੂੰ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਫ਼ ਤੌਰ ’ਤੇ ਆਖ ਦਿੱਤਾ ਗਿਆ ਹੈ ਕਿ ਪੰਜਾਬ ਕਾਂਗਰਸ ਵਿੱਚ ‘ਸਮਝੌਤਾਵਾਦੀ ਆਗੂ’ ਨਹੀਂ ਚੱਲੇਗਾ ਅਤੇ ਮੌਜ਼ੂਦਾ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸਮਝੌਤਾ ਕਰ ਚੁੱਕਿਆ ਹੈ। ਜਿਸ ਕਾਰਨ ਹੀ ਉਹ ਸਰਕਾਰ ਦੇ ਖ਼ਿਲਾਫ਼ ਕੋਈ ਪ੍ਰੋਗਰਾਮ ਹੀ ਨਹੀਂ ਉਲੀਕਦਾ। ਇਹੋ ਜਿਹੇ ਆਗੂਆਂ ਕਰਕੇ ਪੰਜਾਬ ਕਾਂਗਰਸ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਕਮਜ਼ੋਰ ਵੀ ਹੋ ਰਹੀ ਹੈ।

ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੀ ਸੀਟ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਭੁਪੇਸ਼ ਬਘੇਲ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਵੀ ਕੁਝ ਉਨ੍ਹਾਂ ਨੂੰ ਦੱਸਿਆ ਗਿਆ ਹੈ, ਉਹ ਕਾਂਗਰਸ ਹਾਈ ਕਮਾਨ ਨੂੰ ਇਸ ਬਾਰੇ ਜਾਣਕਾਰੀ ਦੇ ਦੇਣਗੇ। ਓਧਰ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਘੇਲ ਰਾਹੁਲ ਗਾਂਧੀ ਨਾਲ ਜਲਦ ਹੀ ਮੁਲਾਕਾਤ ਕਰਵਾਉਣ ਲਈ ਵੀ ਕਿਹਾ ਹੈ। 

ਚਰਨਜੀਤ ਸਿੰਘ ਚੰਨੀ ਗੁੱਟ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਵਿੱਚ ਗੱਲਬਾਤ ਕਰਦੇ ਹੋਏ ਭੁਪੇਸ਼ ਬਘੇਲ ਵੱਲੋਂ ਵੀ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਸਮਝੌਤਾਵਾਦੀ ਆਗੂ ਨਹੀਂ ਚੱਲੇਗਾ, ਜੇਕਰ ਕੋਈ ਇਹੋ ਜਿਹਾ ਆਗੂ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਨਾਲ ਸਮਝੌਤਾ ਕਰਕੇ ਚੱਲਣ ਵਾਲੇ ਆਗੂ ਦੀ ਕਾਂਗਰਸ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਰਾਣਾ ਗੁਰਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਗਿਆ ਸੀ, ਜਿਸ ਕਰਕੇ ਉਹ ਇੱਥੇ ਆਏ ਸਨ। ਇਨ੍ਹਾਂ ਦੇ ਘਰ ਚਰਨਜੀਤ ਸਿੰਘ ਚੰਨੀ ਸਣੇ ਵੱਡੀ ਗਿਣਤੀ ਵਿੱਚ ਆਗੂਆਂ ਨਾਲ ਮੁਲਾਕਾਤ ਕਰਨ ਦੇ ਨਾਲ ਹੀ ਗੱਲਬਾਤ ਵੀ ਕੀਤੀ ਗਈ ਹੈ। ਉਨ੍ਹਾਂ ਨਾਲ ਹੋਈ ਸਾਰੀ ਗੱਲਬਾਤ ਦੀ ਜਾਣਕਾਰੀ ਕਾਂਗਰਸ ਹਾਈ ਕਮਾਨ ਨੂੰ ਦਿੱਤੀ ਜਾਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਹਾਈ ਕਮਾਨ ਦਾ ਜਿਹੜਾ ਵੀ ਫੈਸਲਾ ਹੋਏਗਾ, ਉਸ ਤੋਂ ਪਹਿਲਾਂ ਵੀ ਕਿਸੇ ਨੂੰ ਇਤਰਾਜ਼ ਨਹੀਂ ਸੀ ਤੇ ਹੁਣ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਏਗਾ। 

    ਮੀਟਿੰਗ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਅਤੇ ਬਾਕੀ ਆਗੂਆਂ ਵੱਲੋਂ ਤੈਅ ਕੀਤਾ ਗਿਆ ਸੀ ਕਿ ਸਿਰਫ਼ ਸੁਖਜਿੰਦਰ ਰੰਧਾਵਾ ਹੀ ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦੇਣਗੇ ਰੰਧਾਵਾ ਨੇ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਦੇ ਦੌਰਾਨ ਸਾਫ਼ ਤੌਰ ’ਤੇ ਭੁਪੇਸ਼ ਬਘੇਲ ਨੂੰ ਕਿਹਾ ਗਿਆ ਹੈ ਕਿ ਪੰਜਾਬ ਕਾਂਗਰਸ ਵਿੱਚ ਸਮਝੌਤਾਵਾਦੀ ਆਗੂ ਵੱਲੋਂ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਆਗੂ ਦੀ ਪਾਰਟੀ ਵਿੱਚ ਜਾਂ ਫਿਰ ਵੱਡੇ ਅਹੁਦੇ ’ਤੇ ਕੋਈ ਥਾਂ ਨਹੀਂ ਹੋਣੀ ਚਾਹੀਦੀ ਹੈ। ਸਾਨੂੰ ਡੱਟ ਕੇ ਬੋਲਣ ਵਾਲਾ ਲੀਡਰ ਚਾਹੀਦਾ ਹੈ। ਕਈ ਵਾਰ ਪਾਰਟੀ ਨੂੰ ਆਪਣੇ ਫੈਸਲੇ ਨੂੰ ਬਦਲਣਾ ਵੀ ਪੈਂਦਾ ਹੈ ਤੇ ਹਾਲ ਹੀ ਵਿੱਚ ਲਏ ਗਏ ਫੈਸਲੇ ਨੂੰ ਬਦਲਣ ਦੀ ਲੋੜ ਹੈ। 

ਇਥੇ ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦਾ ਫੈਸਲਾ ਬੀਤੇ 2 ਹਫ਼ਤੇ ਪਹਿਲਾਂ ਹੀ ਕਾਂਗਰਸ ਹਾਈ ਕਮਾਨ ਵੱਲੋਂ ਲਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਭੁਚਾਲ ਆ ਗਿਆ ਅਤੇ ਚਰਨਜੀਤ ਸਿੰਘ ਚੰਨੀ ਸਣੇ ਵੱਡੀ ਗਿਣਤੀ ਵਿੱਚ ਲੀਡਰਾਂ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਦਿੱਤੀ ਗਈ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਘਰ ਵਿੱਚ ਮੀਟਿੰਗ ਰੱਖੀ ਗਈ ਸੀ, ਜਿੱਥੇ 50 ਤੋਂ ਜ਼ਿਆਦਾ ਆਗੂ ਪੁੱਜੇ ਸਨ, ਜਿਸ ਨੂੰ ਦੇਖ ਕੇ ਪੰਜਾਬ ਦੇ ਦੌਰੇ ‘ਤੇ ਭੁਪੇਸ਼ ਬਘੇਲ ਨੇ ਆਉਂਦੇ ਹੋਏ ਪੰਜਾਬ ਦੇ ਆਗੂਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਭੁਪੇਸ਼ ਬਘੇਲ ਖ਼ੁਦ ਪੰਜਾਬ ਦੇ ਨਰਾਜ਼ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਹੀ ਨਹੀਂ ਕਰ ਸਕੇੇ। ਜਿਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਾਣਾ ਗੁਰਜੀਤ ਸਿੰਘ ਦੇ ਘਰ ਮੀਟਿੰਗ ਰੱਖੀ ਗਈ ਸੀ ਅਤੇ ਉਥੇ ਭੁਪੇਸ਼ ਬਘੇਲ ਨੂੰ ਸੱਦਿਆ ਗਿਆ ਸੀ।

ਇਸ ਮੀਟਿੰਗ ਵਿੱਚ 92 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀ ਆਗੂਆਂ ਅਤੇ ਮੌਜ਼ੂਦਾ ਤੇ ਸਾਬਕਾ ਵਿਧਾਇਕਾਂ ਦਾ ਇਕੱਠ ਕਰਕੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਗਿਆ ਹੈ।ਇਕੱਠ ਨੂੰ ਦੇਖ ਕੇ ਭੁਪੇਸ਼ ਬਘੇਲ ਵੀ ਕਾਫ਼ੀ ਜ਼ਿਆਦਾ ਹੈਰਾਨ ਸਨ, ਕਿਉਂਕਿ ਇੰਨੇ ਆਗੂ ਬੀਤੇ ਚਾਰ ਦਿਨਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਕੱਠੇ ਨਹੀਂ ਕਰ ਸਕਿਆ ਸੀ।

About The Author

Related Posts