Faridkot Municipal Council: ਫ਼ਰੀਦਕੋਟ ਨਗਰ ਕੌਂਸਲ ਦੇ ਪ੍ਰਧਾਨ ਬਣੇ ਬਲਜਿੰਦਰ ਸਿੰਘ ਬੱਬੂ ਆਹੂਜਾ, 15 ਵੋਟਾਂ ਨਾਲ ਹਾਸਲ ਕੀਤੀ ਜਿੱਤ

ਪ੍ਰਧਾਨ ਦੇ ਅਹੁਦੇ ਲਈ ਕੁੱਲ ਤਿੰਨ ਉਮੀਦਵਾਰ ਮੈਦਾਨ ਵਿੱਚ ਸਨ

Khushdeep Singh Picture
Published On

Faridkot Municipal Council: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਸ਼ੁੱਕਰਵਾਰ ਨੂੰ ਹੋਈ ਵੋਟਿੰਗ ’ਚ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 22 ਤੋਂ ਕੌਂਸਲਰ ਬਲਜਿੰਦਰ ਸਿੰਘ ਬੱਬੂ ਆਹੂਜਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਦੇ ਅਹੁਦੇ ਲਈ ਕੁੱਲ ਤਿੰਨ ਉਮੀਦਵਾਰ ਮੈਦਾਨ ਵਿੱਚ ਸਨ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਐਸਡੀਐਮ ਪੁਨੀਤ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਫ਼ਰੀਦਕੋਟ ਦੇ ਕੁੱਲ 25 ਵਾਰਡ ਹਨ। ਹਾਲ ਹੀ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਨੇ 10, ਕਾਂਗਰਸ ਨੇ 8 ਤੇ ਸ਼੍ਰੋਮਣੀ ਅਕਾਲੀ ਦਲ ਨੇ 7 ਵਾਰਡਾਂ ’ਚ ਜਿੱਤ ਦਰਜ ਕੀਤੀ ਸੀ। ਕਿਸੇ ਵੀ ਪਾਰਟੀ ਨੂੰ ਪੂਰਾ ਬਹੁਮਤ ਨਾ ਮਿਲਣ ਕਾਰਨ ਪ੍ਰਧਾਨ ਦੀ ਚੋਣ ਲੰਬੇ ਸਮੇਂ ਤੋਂ ਅਟਕੀ ਹੋਈ ਸੀ।

ਸ਼ੁੱਕਰਵਾਰ ਨੂੰ ਹੋਈ ਚੋਣ ਦੌਰਾਨ ਤਿੰਨ ਉਮੀਦਵਾਰਾਂ ਦੇ ਨਾਂਅ ਪ੍ਰਸਤਾਵਿਤ ਕੀਤੇ ਗਏ। ਆਮ ਆਦਮੀ ਪਾਰਟੀ ਦੀ ਕੌਂਸਲਰ ਵੀਰਪਾਲ ਕੌਰ ਨੇ ਕੌਂਸਲਰ ਸਤਨਾਮ ਸਿੰਘ ਦਾ ਨਾਂਅ ਪ੍ਰਸਤਾਵਿਤ ਕੀਤਾ, ਜਿਨ੍ਹਾਂ ਨੂੰ 4 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਉਮਾ ਗਰੋਵਰ ਨੇ ਕੌਂਸਲਰ ਵਿਕਾਸ ਵਿਕੀ ਦਾ ਨਾਂਅ ਪੇਸ਼ ਕੀਤਾ, ਜਿਨ੍ਹਾਂ ਨੂੰ 7 ਵੋਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੌਂਸਲਰ ਗੁਰਵਿੰਦਰ ਕੌਰ ਨੇ ਬਲਜਿੰਦਰ ਸਿੰਘ ਬੱਬੂ ਆਹੂਜਾ ਦਾ ਨਾਂਅ ਪ੍ਰਸਤਾਵਿਤ ਕੀਤਾ, ਜਿਨ੍ਹਾਂ ਨੂੰ ਕੁੱਲ 15 ਵੋਟਾਂ ਮਿਲੀਆਂ ਅਤੇ ਉਹ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਬੱਬੂ ਆਹੂਜਾ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੋਈ ਹੈ ਤੇ ਸਾਰੀਆਂ ਪਾਰਟੀਆਂ ਨੇ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਦਿੱਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਬੱਬੂ ਆਹੂਜਾ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣਗੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਾਰੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਬਾਬਾ ਫ਼ਰੀਦ ਜੀ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ, ਪਰ ਪਹਿਲਾਂ ਨਗਰ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ ਹੋਣ ਕਾਰਨ ਕੰਮਾਂ ਦੀ ਰਫ਼ਤਾਰ ਕੁਝ ਹੌਲੀ ਸੀ। Faridkot Municipal Council

ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਨ ਨਾਲ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਵੀ ਕਰਵਾਈ ਜਾਵੇਗੀ। ਨਵ-ਨਿਯੁਕਤ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਆਹੂਜਾ ਨੇ ਉਨ੍ਹਾਂ ’ਤੇ ਭਰੋਸਾ ਜਤਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣਗੇ ਤੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਐਸ.ਡੀ.ਐਮ. ਪੁਨੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਤੇ ਪੂਰੀ ਪਾਰਦਰਸ਼ਤਾ ਨਾਲ ਚੋਣ ਪ੍ਰਕਿਰਿਆ ਸੰਪੰਨ ਕਰਵਾਈ ਗਈ। Faridkot Municipal Council

About The Author

Related Posts