ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਬਦਲਣੀ ਹੋਵੇਗੀ ਨੀਤੀ
ਰੁੱਖ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਗਿੰਨੀਜ਼ ਵਰਲਡ ਰਿਕਾਰਡ
ਮਾਨਸੂਨ ਦੇ ਪਹਿਲੇ ਮੀਂਹ ਨਾਲ ਹੀ ਦੇਸ਼ ਭਰ ’ਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਜੰਗਲਾਤ ਵਿਭਾਗ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਮਾਜਿਕ ਸੰਸਥਾਵਾਂ ਬੜੇ ਉਤਸ਼ਾਹ ਨਾਲ ਲੱਖਾਂ ਬੂਟੇ ਲਾਉਣ ਦਾ ਐਲਾਨ ਕਰਦੀਆਂ ਹਨ। ਪਰ ਵਰਖ਼ਾ ਰੁੱਤ ਖ਼ਤਮ ਹੁੰਦੇ ਹੀ ਇਹ ਉਤਸ਼ਾਹ ਵੀ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।
ਅਗਲੇ ਸਾਲ ਫਿਰ ਉਹੀ ਮੁਹਿੰਮ, ਉਹੀ ਐਲਾਨ ਤੇ ਉਹੀ ਦਾਅਵੇ ਦੁਹਰਾਏ ਜਾਂਦੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਬੂਟਿਆਂ ਨੂੰ ਲਾਇਆ ਗਿਆ ਸੀ, ਉਨ੍ਹਾਂ ’ਚੋਂ ਕਿੰਨੇ ਅਸਲ ’ਚ ਦਰੱਖਤ ਬਣ ਸਕੇ। ਦੇਸ਼ ’ਚ ਹਰ ਸਾਲ ਕਰੋੜਾਂ ਬੂਟੇ ਲਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਫਿਰ ਵੀ ਕੁਦਰਤੀ ਹਰਿਆਲੀ ਲਗਾਤਾਰ ਘਟਦੀ ਜਾ ਰਹੀ ਹੈ।
Read Also : ਮੀਂਹ ਨਾਲ ਗਰਮੀ ਤੋਂ ਰਾਹਤ, ਅੱਜ ਤੇ ਅਗਲੇ ਦਿਨਾਂ ਵਿੱਚ ਕਿਵੇਂ ਰਹੇਗਾ ਮੌਸਮ
ਇਸ ਦਾ ਕਾਰਨ ਸਪੱਸ਼ਟ ਹੈ। ਬੂਟੇ ਲਾਉਣਾ ਟੀਚਾ ਪੂਰਾ ਕਰਨ ਦਾ ਸਾਧਨ ਮੰਨ ਲਿਆ ਗਿਆ ਹੈ, ਜਦਕਿ ਬੂਟਿਆਂ ਦੀ ਦੇਖਭਾਲ, ਸਿੰਚਾਈ, ਸੁਰੱਖਿਆ ਤੇ ਜਿਉਂਦੇ ਰਹਿਣ ਦੇ ਪ੍ਰਬੰਧ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ। ਸੜਕ ਦੇ ਕਿਨਾਰੇ ਜਾਂ ਖਾਲੀ ਜ਼ਮੀਨ ’ਚ ਬੂਟੇ ਲਾ ਦੇਣਾ ਸੌਖਾ ਹੈ, ਪਰ ਉਸ ਨੂੰ ਸਾਲਾਂ ਤੱਕ ਸੁਰੱਖਿਅਤ ਰੱਖਣਾ ਬਹੁਤ ਔਖਾ ਤੇ ਲੋੜੀਂਦਾ ਕੰਮ ਹੈ।
ਦਿੱਲੀ ਦੀ ਉਦਾਹਰਨ ਇਸ ਸਥਿਤੀ ਨੂੰ ਸਪੱਸ਼ਟ ਕਰਦੀ ਹੈ। ਉਪਲੱਬਧ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ’ਚ ਉੱਥੇ ਕਰੋੜਾਂ ਬੂਟੇ ਲਾਏ ਗਏ, ਪਰ ਉਨ੍ਹਾਂ ’ਚੋਂ ਵੱਡੀ ਗਿਣਤੀ ਜਿਉਂਦੇ ਨਹੀਂ ਰਹਿ ਸਕੇ। ਜੇਕਰ ਦੇਸ਼ ਦੀ ਰਾਜਧਾਨੀ ’ਚ ਇਹ ਹਾਲਤ ਹੈ, ਜਿੱਥੇ ਨਿਗਰਾਨੀ ਦੀ ਵਿਵਸਥਾ ਤੁਲਨਾਤਮਕ ਤੌਰ ’ਤੇ ਬਿਹਤਰ ਮੰਨੀ ਜਾਂਦੀ ਹੈ, ਤਾਂ ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।
ਸਭ ਤੋਂ ਵੱਡੀ ਕਮੀ ਇਹ ਹੈ ਕਿ ਬੂਟੇ ਲਾਉਣ ਤੋਂ ਬਾਅਦ ਜਿਉਂਦੇ ਬਚੇ ਬੂਟਿਆਂ ਦਾ ਰਿਕਾਰਡ ਤਿਆਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਸੰਸਥਾ ਦੀ ਸਪੱਸ਼ਟ ਜ਼ਿੰਮੇਵਾਰੀ ਤੈਅ ਹੁੰਦੀ ਹੈ। ਜੰਗਲ ਖੇਤਰ ਵਧਣ ਦੇ ਸਰਕਾਰੀ ਦਾਅਵਿਆਂ ’ਤੇ ਵੀ ਸਮੇਂ-ਸਮੇਂ ’ਤੇ ਸਵਾਲ ਉੱਠਦੇ ਰਹੇ ਹਨ। ਭਾਰਤ ਜੰਗਲਾਤ ਸਥਿਤੀ ਰਿਪੋਰਟ ’ਚ ਦੇਸ਼ ਦੇ ਜੰਗਲ ਅਤੇ ਰੁੱਖ ਖੇਤਰ ’ਚ ਵਾਧੇ ਦਾ ਜ਼ਿਕਰ ਕੀਤਾ ਗਿਆ ਹੈ, ਪਰ ਬਹੁਤ ਸਾਰੇ ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ’ਚ ਬਾਂਸ, ਨਾਰੀਅਲ ਅਤੇ ਵਪਾਰਕ ਬਾਗਾਂ ਨੂੰ ਵੀ ਜੰਗਲਾਤ ਖੇਤਰ ਵਜੋਂ ਸ਼ਾਮਲ ਕਰ ਲਿਆ ਜਾਂਦਾ ਹੈ।
ਕੁਦਰਤੀ ਜੰਗਲ ਅਤੇ ਵਪਾਰਕ ਰੁੱਖ ਲਾਉਣ ’ਚ ਬੁਨਿਆਦੀ ਅੰਤਰ ਹੈ। ਕੁਦਰਤੀ ਜੰਗਲ ਕਈ ਤਰ੍ਹਾਂ ਦੇ ਬੂਟਿਆਂ, ਜੀਵ-ਜੰਤੂਆਂ ਅਤੇ ਸੂਖਮ ਜੀਵਾਂ ਦਾ ਘਰ ਹੁੰਦੇ ਹਨ, ਜਦਕਿ ਇੱਕੋ ਪ੍ਰਜਾਤੀ ਦੇ ਵੱਡੇ ਬਾਗ ਜੀਵ-ਵਿਭਿੰਨਤਾ ਦੀ ਨਜ਼ਰ ਨਾਲ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਜੇਕਰ ਇਸ ਫ਼ਰਕ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਅੰਕੜੇ ਭਾਵੇਂ ਆਕਰਸ਼ਕ ਲੱਗਣ, ਧਰਾਤਲ ਦੀ ਅਸਲੀਅਤ ਨਹੀਂ ਬਦਲੇਗੀ। ਅੰਤਰਰਾਸ਼ਟਰੀ ਸੰਸਥਾ ਗਲੋਬਲ ਫੌਰੈਸਟ ਵਾਚ ਅਨੁਸਾਰ ਸਾਲ 2001 ਤੋਂ 2024 ਵਿਚਕਾਰ ਭਾਰਤ ਨੇ ਲੱਖਾਂ ਹੈਕਟੇਅਰ ਰੁੱਖਾਂ ਦਾ ਏਰੀਆ ਗੁਆਇਆ ਹੈ, ਜਿਸ ਨਾਲ ਵਾਤਾਵਰਨ ’ਚ ਵੱਡੀ ਮਾਤਰਾ ’ਚ ਕਾਰਬਨ ਨਿਕਾਸੀ ਵਧੀ ਹੈ।
ਦੂਜੇ ਪਾਸੇ ਵਿਕਾਸ ਦੇ ਕਈ ਪ੍ਰਾਜੈਕਟਾਂ ਲਈ ਵੱਡੀ ਗਿਣਤੀ ’ਚ ਬੂਟਿਆਂ ਦੀ ਕਟਾਈ ਵੀ ਲਗਾਤਾਰ ਜਾਰੀ ਹੈ। ਰਾਜਮਾਰਗ, ਖਦਾਨ, ਉਦਯੋਗਿਕ ਵਿਸਥਾਰ, ਸ਼ਹਿਰੀਕਰਨ ਅਤੇ ਹੋਰ ਨਿਰਮਾਣ ਕਾਰਜਾਂ ਕਾਰਨ ਕੁਦਰਤੀ ਜੰਗਲ ਸੁੰਗੜ ਰਹੇ ਹਨ। ਬਾਅਦ ’ਚ ਬਦਲਾਅ ਵਜੋਂ ਬੂਟਿਆਂ ਰਾਹੀਂ ਇਸ ਦੀ ਭਰਪਾਈ ਦਾ ਯਤਨ ਕੀਤਾ ਜਾਂਦਾ ਹੈ, ਪਰ ਸਦੀਆਂ ਪੁਰਾਣੇ ਜੰਗਲਾਂ ਦੀ ਭਰਪਾਈ ਕੁਝ ਬੂਟੇ ਲਾ ਕੇ ਸੰਭਵ ਨਹੀਂ ਹੈ।ਦੇਸ਼ ਦੇ ਕਈ ਹਿੱਸਿਆਂ ’ਚ ਸਥਾਨਕ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਬੂਟੇ ਲਾਉਣ ਦੀ ਸਫਲਤਾ ’ਚ ਵੱਡੀ ਰੁਕਾਵਟ ਬਣ ਰਿਹਾ ਹੈ।
ਮਿੱਟੀ ਦੀ ਗੁਣਵੱਤਾ, ਪਾਣੀ ਦਾ ਨਿਕਾਸੀ, ਬਰਸਾਤ ਦੀ ਮਾਤਰਾ ਅਤੇ ਸਥਾਨਕ ਮੌਸਮ ਅਨੁਸਾਰ ਪ੍ਰਜਾਤੀਆਂ ਦੀ ਚੋਣ ਨਾ ਹੋਣ ਕਾਰਨ ਵੱਡੀ ਗਿਣਤੀ ’ਚ ਬੂਟੇ ਕੁਝ ਹੀ ਮਹੀਨਿਆਂ ’ਚ ਸੁੱਕ ਜਾਂਦੇ ਹਨ। ਬਹੁਤ ਸਾਰੀਆਂ ਥਾਵਾਂ ’ਤੇ ਵਿਦੇਸ਼ੀ ਜਾਂ ਵਪਾਰਕ ਪ੍ਰਜਾਤੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜਦਕਿ ਸਥਾਨਕ ਪ੍ਰਜਾਤੀਆਂ ਵਾਤਾਵਰਨ ਲਈ ਵਧੇਰੇ ਲਾਭਦਾਇਕ ਅਤੇ ਟਿਕਾਊ ਸਾਬਤ ਹੁੰਦੀਆਂ ਹਨ। ਇਸ ਲਈ ਗਿਣਤੀ ਵਧਾਉਣ ਦੀ ਮੁਕਾਬਲੇਬਾਜ਼ੀ ਛੱਡ ਕੇ ਗੁਣਵੱਤਾ ’ਤੇ ਧਿਆਨ ਦੇਣਾ ਸਮੇਂ ਦੀ ਲੋੜ ਹੈ।
ਦੁਨੀਆਂ ਦੇ ਕਈ ਦੇਸ਼ਾਂ ਨੇ ਇਸ ਦਿਸ਼ਾ ’ਚ ਜ਼ਿਕਰਯੋਗ ਉਦਾਹਰਨਾਂ ਪੇਸ਼ ਕੀਤੀਆਂ ਹਨ। ਕੈਨੇਡਾ ਦੇ ਕੁਝ ਸ਼ਹਿਰਾਂ ’ਚ ਬੂਟਿਆਂ ਦੀ ਸੁਰੱਖਿਆ ਲਈ ਸਖ਼ਤ ਨਿਯਮ ਬਣਾਏ ਗਏ ਹਨ ਤੇ ਬਿਨਾਂ ਇਜਾਜ਼ਤ ਰੁੱਖ ਵੱਢਣ ’ਤੇ ਭਾਰੀ ਆਰਥਿਕ ਜ਼ੁਰਮਾਨਾ ਲਾਇਆ ਜਾਂਦਾ ਹੈ। ਅਫ਼ਰੀਕੀ ਦੇਸ਼ ਇਥੋਪੀਆ ਨੇ ਵੀ ਜ਼ਿਕਰਯੋਗ ਸਫਲਤਾ ਹਾਸਲ ਕੀਤੀ ਹੈ। ਉੱਥੇ ਵੱਡੇ ਪੱਧਰ ’ਤੇ ਸਥਾਨਕ ਪ੍ਰਜਾਤੀਆਂ ਦੇ ਬੂਟੇ ਲਾਏ ਗਏ ਤੇ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ। ਸਥਾਨਕ ਭਾਈਚਾਰਾ, ਵਿਦਿਆਰਥੀ, ਕਿਸਾਨ ਅਤੇ ਸਵੈ-ਸੇਵੀ ਸੰਸਥਾਵਾਂ ਇਸ ਮੁਹਿੰਮ ਨਾਲ ਜੁੜੀਆਂ। ਨਤੀਜੇ ਵਜੋਂ ਉੱਥੇ ਜੰਗਲਾਤ ਖੇਤਰ ’ਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਕੋਸਟਾ ਰੀਕਾ ਨੇ ਕਿਸਾਨਾਂ ਨੂੰ ਜੰਗਲ ਦੀ ਜ਼ਮੀਨ ਸੁਰੱਖਿਅਤ ਰੱਖਣ ਲਈ ਆਰਥਿਕ ਪ੍ਰੋਤਸਾਹਨ ਦਿੱਤਾ, ਜਦਕਿ ਰਵਾਂਡਾ ਨੇ ਭਾਈਚਾਰਕ ਭਾਗੀਦਾਰੀ ਨੂੰ ਮੁਹਿੰਮ ਦਾ ਆਧਾਰ ਬਣਾਇਆ। ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੈ ਕਿ ਬੂਟੇ ਲਾਉਣਾ ਉਦੋਂ ਸਫਲ ਹੁੰਦਾ ਹੈ ਜਦੋਂ ਸਰਕਾਰ, ਸਮਾਜ ਤੇ ਸਥਾਨਕ ਭਾਈਚਾਰਾ ਬਰਾਬਰ ਜ਼ਿੰਮੇਵਾਰੀ ਨਿਭਾਉਂਦੇ ਹਨ।ਭਾਰਤ ’ਚ ਵੀ ਵਸੀਲਿਆਂ, ਜ਼ਮੀਨ ਅਤੇ ਲੋਕ-ਸ਼ਕਤੀ ਦੀ ਕੋਈ ਘਾਟ ਨਹੀਂ ਹੈ। ਲੋੜ ਸਿਰਫ਼ ਦੂਰਦ੍ਰਿਸ਼ਟੀ ਵਾਲੀ ਯੋਜਨਾ ਅਤੇ ਮਜ਼ਬੂਤ ਪ੍ਰਸ਼ਾਸਨਿਕ ਵਿਵਸਥਾ ਦੀ ਹੈ। ਬੂਟੇ ਲਾਉਣ ਵਾਲੇ ਵਿਭਾਗ ਦੀ ਜ਼ਿੰਮੇਵਾਰੀ ਘੱਟੋ-ਘੱਟ ਪੰਜ ਸਾਲ ਤੱਕ ਤੈਅ ਹੋਣੀ ਚਾਹੀਦੀ ਹੈ।
ਹਰੇਕ ਬੂਟੇ ਦੀ ਜਿਉਂਦੀ ਸਥਿਤੀ ਦਾ ਨਿਯਮਿਤ ਰਿਕਾਰਡ ਤਿਆਰ ਕੀਤਾ ਜਾਵੇ। ਨਿਰਮਾਣ ਯੋਜਨਾਵਾਂ ਦੇ ਬਦਲੇ ਲਾਏ ਜਾਣ ਵਾਲੇ ਬੂਟਿਆਂ ਦੀ ਸੁਤੰਤਰ ਅਤੇ ਵਿਗਿਆਨਕ ਤਸਦੀਕ ਹੋਵੇ। ਜਦੋਂ ਤੱਕ ਬੂਟਾ ਰੁੱਖ ਨਹੀਂ ਬਣ ਜਾਂਦਾ, ਉਦੋਂ ਤੱਕ ਮੁਹਿੰਮ ਅਧੂਰੀ ਮੰਨੀ ਜਾਣੀ ਚਾਹੀਦੀ ਹੈ।ਅੱਜ ਜਲਵਾਯੂ ਤਬਦੀਲੀ, ਵਧਦੀ ਗਰਮੀ, ਬੇਨੇਮੇ ਮੀਂਹ ਅਤੇ ਸੋਕੇ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹੇ ਸਮੇਂ, ਰੁੱਖ ਲਾਉਣਾ ਕਿਸੇ ਰਸਮੀ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਭਵਿੱਖ ਦਾ ਆਧਾਰ ਹੈ।
ਧਰਤੀ ਨੂੰ ਹਰਿਆਲੀ ਉਦੋਂ ਮਿਲਦੀ ਹੈ ਜਦੋਂ ਲਾਇਆ ਗਿਆ ਹਰੇਕ ਬੂਟਾ ਸਾਲਾਂ ਤੱਕ ਜਿਉਂਦਾ ਰਹਿ ਕੇ ਵੱਡਾ ਰੁੱਖ ਬਣਦਾ ਹੈ। ਇਹੀ ਤਬਦੀਲੀ ਵਾਤਾਵਰਨ, ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ।
ਰੁੱਖ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਗਿੰਨੀਜ਼ ਵਰਲਡ ਰਿਕਾਰਡ
ਵਾਤਾਵਰਨ ਸੁਰੱਖਿਆ ਨੂੰ ਲੋਕ-ਅੰਦੋਲਨ ਦਾ ਰੂਪ ਦੇਣ ਦੀ ਦਿਸ਼ਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਨੇ ਰੁੱਖ ਲਾਉਣ ਦੇ ਖੇਤਰ ਵਿਚ ਕਈ ਜ਼ਿਕਰਯੋਗ ਉਪਲੱਬਧੀਆਂ ਹਾਸਲ ਕੀਤੀਆਂ ਹਨ। ਸੰਸਥਾ ਦੇ ਨਾਂਅ ਰੁੱਖ ਲਾਉਣ ਨਾਲ ਜੁੜੇ ਚਾਰ ਗਿੰਨੀਜ਼ ਵਰਲਡ ਰਿਕਾਰਡ ਦਰਜ਼ ਹਨ।
ਇਨ੍ਹਾਂ ਵਿਚ 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ਵਿਚ 9,38,007 ਬੂਟੇ ਲਾਉਣ ਤੇ ਉਸੇ ਦਿਨ ਅੱਠ ਘੰਟਿਆਂ ’ਚ 68,73,451 ਬੂਟੇ ਲਾਉਣ ਦੇ ਰਿਕਾਰਡ ਸ਼ਾਮਲ ਹਨ। ਇਸ ਤੋਂ ਬਾਅਦ 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ’ਚ 19,45,535 ਬੂਟੇ ਲਾਏ ਗਏ। ਇਸੇ ਤਰ੍ਹਾਂ 15 ਅਗਸਤ 2012 ਨੂੰ ਸਾਧ-ਸੰਗਤ ਨੇ ਸਿਰਫ ਇੱਕ ਘੰਟੇ ਵਿਚ 20,39,747 ਬੂਟੇ ਲਾ ਕੇ ਇੱਕ ਹੋਰ ਗਿੰਨੀਜ਼ ਵਰਲਡ ਰਿਕਾਰਡ ਆਪਣੇ ਨਾਂਅ ਦਰਜ਼ ਕਰਵਾਇਆ। ਇਨ੍ਹਾਂ ਮੁਹਿੰਮਾਂ ਨੇ ਵਾਤਾਵਰਨ ਸੁਰੱਖਿਆ ਅਤੇ ਲੋਕ-ਭਾਈਵਾਲੀ ਦੀ ਅਨੋਖੀ ਉਦਾਹਰਨ ਪੇਸ਼ ਕੀਤੀ।
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)