Punjab
Punjab News: ਪੰਜਾਬ ਸਰਕਾਰ ਕਰ ਰਹੀ ਹੈ ਗੁੰਮਰਾਹਕੁੰਨ ਪੰਚਾਰ : ਸੱਚਰ
ਚੁਟਕਲਿਆਂ, ਕਿੱਕਲੀ ਤੇ ਇਸ਼ਤਿਹਾਰਬਾਜ਼ੀ ’ਚ ਲੰਘਾ ਦਿੱਤੇ ਸਾਢੇ ਚਾਰ ਸਾਲ, ਪੰਜਾਬ ਦੇ ਹਿੱਸੇ ਆਈ ਨਿਰਾਸ਼ਾ
Punjab News: ਅੰਮ੍ਰਿਤਸਰ (ਰਾਜ਼ਨ ਮਾਨ)। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ ਜਿਸ ਨੇ ਰਾਜ ਚਲਾਉਣ ਦੀ ਥਾਂ ਪ੍ਰਚਾਰ ਨੂੰ ਹੀ ਆਪਣਾ ਮੁੱਖ ਏਜੰਡਾ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਚੁਟਕਲਿਆਂ, ਕਿੱਕਲੀ, ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਤੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਰਾਹੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ। ਅੱਜ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ 2022 ’ਚ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਫਤਵਾ ਦਿੱਤਾ ਸੀ।
ਪਰ ਅੱਜ ਉਹੀ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਹਰ ਵਰਗ—ਕਿਸਾਨ, ਮੁਲਾਜ਼ਮ, ਨੌਜਵਾਨ, ਵਪਾਰੀ, ਉਦਯੋਗਪਤੀ, ਆੜ੍ਹਤੀ, ਪੈਨਸ਼ਨਰ ਤੇ ਆਮ ਪਰਿਵਾਰ—ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਜਿਨ੍ਹਾਂ ਵਾਅਦਿਆਂ ਦੇ ਆਧਾਰ ’ਤੇ ਵੋਟਾਂ ਮੰਗੀਆਂ ਗਈਆਂ ਸਨ, ਉਨ੍ਹਾਂ ਵਿੱਚੋਂ ਬਹੁਤੇ ਅਜੇ ਤੱਕ ਕਾਗਜ਼ਾਂ ਤੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ੇ ਦੀ ਸਮੱਸਿਆ ਅਜੇ ਵੀ ਗੰਭੀਰ ਹੈ, ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ, ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਉਦਯੋਗ ਦੂਜੇ ਸੂਬਿਆਂ ਵੱਲ ਜਾ ਰਹੇ ਹਨ ਤੇ ਕਿਸਾਨ ਆਪਣੀਆਂ ਫ਼ਸਲਾਂ ਦੇ ਵਾਜਬ ਭਾਅ ਲਈ ਸੰਘਰਸ਼ ਕਰ ਰਹੇ ਹਨ। ਮੁਲਾਜ਼ਮ ਆਪਣੀਆਂ ਮੰਗਾਂ ਲਈ ਧਰਨੇ ਦੇਣ ਲਈ ਮਜਬੂਰ ਹਨ, ਪਰ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਦੀ ਥਾਂ ਆਪਣੀ ਇਮੇਜ ਬਣਾਉਣ ਦੀ ਜ਼ਿਆਦਾ ਚਿੰਤਾ ਹੈ। Punjab News
Read Also : Punjab Health News: ਫਰੀਦਕੋਟ ’ਚ ਡੇਂਗੂ ਖਿਲਾਫ਼ ਵੱਡੀ ਮੁਹਿੰਮ, 25 ਥਾਵਾਂ ਤੋਂ ਲਾਰਵਾ ਨਸ਼ਟ
ਸੱਚਰ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਇਸ਼ਤਿਹਾਰਾਂ ਦੀ ਬਰਸਾਤ ਕਰਕੇ ਹਕੀਕਤ ਨੂੰ ਨਹੀਂ ਬਦਲਿਆ ਜਾ ਸਕਦਾ। ਪੰਜਾਬ ਦੇ ਲੋਕਾਂ ਨੂੰ ਹੁਣ ਪ੍ਰਚਾਰ ਨਹੀਂ, ਸਗੋਂ ਰੋਜ਼ਗਾਰ, ਨਿਵੇਸ਼, ਚੰਗੀ ਸਿੱਖਿਆ, ਸਿਹਤ ਸੇਵਾਵਾਂ, ਨਸ਼ਾ-ਮੁਕਤ ਸਮਾਜ ਤੇ ਵਿਕਾਸ ਚਾਹੀਦਾ ਹੈ। ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਕੈਮਰਿਆਂ ਸਾਹਮਣੇ ਕੀਤੇ ਜਾਣ ਵਾਲੇ ਪ੍ਰੋਗਰਾਮ ਲੋਕਾਂ ਦੀ ਜ਼ਿੰਦਗੀ ਨਹੀਂ ਬਦਲਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਹਰ ਰੋਜ਼ ਨਵੇਂ ਸਿਆਸੀ ਡਰਾਮੇ ਕਰਨ ਦੀ ਬਜਾਏ ਇਹ ਦੱਸਣਾ ਚਾਹੀਦਾ ਹੈ ਕਿ ਸਾਢੇ ਚਾਰ ਸਾਲਾਂ ’ਚ ਪੰਜਾਬ ਲਈ ਕਿਹੜੇ ਵੱਡੇ ਉਦਯੋਗ ਲਿਆਂਦੇ ਗਏ, ਕਿੰਨੇ ਨੌਜਵਾਨਾਂ ਨੂੰ ਸਥਾਈ ਰੋਜ਼ਗਾਰ ਮਿਲਿਆ, ਕਿਸਾਨਾਂ ਦੀ ਆਮਦਨ ’ਚ ਕਿੰਨਾ ਵਾਧਾ ਹੋਇਆ ਤੇ ਸੂਬੇ ਦੀ ਆਰਥਿਕ ਹਾਲਤ ਕਿਵੇਂ ਮਜ਼ਬੂਤ ਹੋਈ। ਸੱਚਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਰਕਾਰ ਦੀ ਅਸਲੀ ਕਾਰਗੁਜ਼ਾਰੀ ਨੂੰ ਸਮਝ ਚੁੱਕੀ ਹੈ। ਇਸ਼ਤਿਹਾਰਾਂ ਨਾਲ ਕੁਝ ਸਮੇਂ ਲਈ ਭਰਮ ਪੈਦਾ ਕੀਤਾ ਜਾ ਸਕਦਾ ਹੈ, ਪਰ ਲੋਕਾਂ ਦੇ ਰੋਜ਼ਾਨਾ ਦੇ ਤਜਰਬੇ ਹੀ ਸਰਕਾਰ ਦਾ ਅਸਲੀ ਰਿਪੋਰਟ ਕਾਰਡ ਹੁੰਦੇ ਹਨ। ਇਸ ਮੌਕੇ ਬਲਾਕ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆ, ਮਜੀਠਾ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਸੋਨਾ, ਚੇਅਰਮੈਨ ਪ੍ਰਗਟ ਸਿੰਘ ਚੰਨਣਕੇ ,ਚੇਅਰਮੈਨ ਸੁਖਵਿੰਦਰ ਸਿੰਘ ਆਕੜ ਮਜੀਠਾ,ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ, ਮਹਿਤਾਬ ਸਿੰਘ ਵਡਾਲਾ ਵੀਰਮ, ਸੁਲੱਖਣ ਸਿੰਘ ਕੱਥੂਨੰਗਲ, ਪਰਮਜੀਤ ਸਿੰਘ ਭੇਏਵਾਲ, ਅਸ਼ੋਕ ਕੁਮਾਰ ਮੱਤੇਵਾਲ, ਜਤਿੰਦਰ ਸਿੰਘ ਅਠਵਾਲ, ਬਲਜੀਤ ਸਿੰਘ ਸੋਹੀਆ, ਸੁਰਜੀਤ ਸਿੰਘ ਕੋਟਲਾ ਤੇ ਹੋਰ ਵੀ ਆਗੂ ਹਾਜ਼ਰ ਸਨ।