Vigilance Bureau: 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਅੜਿੱਕੇ

ਦੋਸ਼ ਹੈ ਕਿ ਉਹ ਇੱਕ ਵਿਅਕਤੀ ਦੇ ਪਿਤਾ ਦੀ ਬੁਢਾਪਾ ਪੈਨਸ਼ਨ ਬੰਦ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਫਰੀਦਕੋਟ ’ਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਉਹ ਇੱਕ ਵਿਅਕਤੀ ਦੇ ਪਿਤਾ ਦੀ ਬੁਢਾਪਾ ਪੈਨਸ਼ਨ ਬੰਦ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਬਿਊਰੋ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼ਰਦ ਸੱਤਿਆ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੇ ਸੀਨੀਅਰ ਕਪਤਾਨ ਪੁਲਿਸ ਜਗਤਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਇਹ ਕਾਰਵਾਈ ਕੀਤੀ ਗਈ।

ਜਾਣਕਾਰੀ ਮੁਤਾਬਕ ਜੈਤੋ ਦੇ ਰਹਿਣ ਵਾਲੇ ਯੋਗੇਸ਼ ਬਾਂਸਲ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮਾਤਾ ਕਿਰਨ ਗੁਪਤਾ ਕਰੀਬ 14 ਸਾਲ ਪਹਿਲਾਂ ਨਗਰ ਕੌਂਸਲ ਜੈਤੋ ਤੋਂ ਸੇਵਾਮੁਕਤ ਹੋਈ ਸੀ ਤੇ ਉਨ੍ਹਾਂ ਨੂੰ ਸਰਕਾਰੀ ਪੈਨਸ਼ਨ ਮਿਲਦੀ ਸੀ। ਮਾਰਚ 2026 ’ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰਕ ਪੈਨਸ਼ਨ ਉਨ੍ਹਾਂ ਦੇ ਪਤੀ ਪਵਨ ਕੁਮਾਰ ਨੂੰ ਮਿਲਣ ਲੱਗ ਪਈ। ਇਸ ਦੇ ਨਾਲ ਹੀ ਪਵਨ ਕੁਮਾਰ ਨੂੰ ਜੂਨ 2025 ਤੋਂ 1,500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਵੀ ਮਿਲ ਰਹੀ ਸੀ। ਯੋਗੇਸ਼ ਬਾਂਸਲ ਨੇ 22 ਜੂਨ 2026 ਨੂੰ ਆਪਣੇ ਪਿਤਾ ਦੀ ਬੁਢਾਪਾ ਪੈਨਸ਼ਨ ਬੰਦ ਕਰਵਾਉਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਫਰੀਦਕੋਟ ’ਚ ਅਰਜ਼ੀ ਦਿੱਤੀ। 16 ਜੁਲਾਈ ਨੂੰ ਉਹ ਅਰਜ਼ੀ ਦੀ ਸਥਿਤੀ ਜਾਣਨ ਲਈ ਦਫ਼ਤਰ ਗਿਆ, ਜਿੱਥੇ ਉਸ ਨੂੰ ਦੱਸਿਆ ਗਿਆ ਕਿ ਮਾਤਾ ਦੀ ਮੌਤ ਤੋਂ ਬਾਅਦ ਮਿਲੀ ਚਾਰ ਮਹੀਨਿਆਂ ਦੀ ਪੈਨਸ਼ਨ ਦੀ ਰਕਮ ਸਰਕਾਰੀ ਖਾਤੇ ’ਚ ਵਾਪਸ ਜਮ੍ਹਾਂ ਕਰਵਾਉਣੀ ਪਵੇਗੀ।

Read Also : National Anthem: ਰਾਜ ਸਭਾ ’ਚ ਰਾਸ਼ਟਰੀ ਗੀਤ ਨੂੰ ਰਾਸ਼ਟਰ ਗਾਣ ਦੇ ਬਰਾਬਰ ਦਰਜਾ ਦੇਣ ਵਾਲਾ ਬਿੱਲ ਪੇਸ਼

ਸ਼ਿਕਾਇਤ ਅਨੁਸਾਰ ਅਗਲੇ ਦਿਨ ਜਦੋਂ ਉਹ ਮੁੜ ਦਫ਼ਤਰ ਪਹੁੰਚਿਆ ਤਾਂ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ ਨੇ ਪੈਨਸ਼ਨ ਬੰਦ ਕਰਨ ਦੀ ਕਾਰਵਾਈ ਕਰਨ ਬਦਲੇ ਪਹਿਲਾਂ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਮਿੰਨਤਾਂ ਕਰਨ ’ਤੇ ਉਹ 25 ਹਜ਼ਾਰ ਰੁਪਏ ਲੈਣ ਲਈ ਰਾਜ਼ੀ ਹੋ ਗਿਆ। ਯੋਗੇਸ਼ ਬਾਂਸਲ ਨੇ ਇਸ ਗੱਲਬਾਤ ਦੀ ਆਡੀਓ ਰਿਕਾਰਡਿੰਗ ਕਰ ਲਈ ਤੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।ਆਡੀਓ ਰਿਕਾਰਡਿੰਗ ਤੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਡੀਐੱਸਪੀ ਸੋਹਣ ਸਿੰਘ ਦੀ ਅਗਵਾਈ ਹੇਠ ਟੀਮ ਨੇ ਜਾਲ ਵਿਛਾ ਕੇ ਕੁਲਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਤੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। Vigilance Bureau

About The Author

Related Posts