Barnala News: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਅਸਲੇ ਸਣੇ 2 ਗੈਂਗਸਟਰ ਗ੍ਰਿਫ਼ਤਾਰ
ਪੁਰਾਣੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਵਿਸ਼ੇਸ਼ ਨਾਕਾਬੰਦੀ
ਬਰਨਾਲਾ (ਜਸਵੀਰ ਗਹਿਲ)। ਜ਼ਿਲ੍ਹਾ ਬਰਨਾਲਾ ’ਚ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਮਹਿਲ ਕਲਾਂ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਇਕ ਸਪੈਸ਼ਲ ਨਾਕਾਬੰਦੀ ਦੌਰਾਨ ਹੋਏ ਮੁਕਾਬਲੇ ਤੋਂ ਬਾਅਦ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਅਸਲਾ, ਕਾਰਤੂਸ, ਚੱਲੇ ਹੋਏ ਕਾਰਤੂਸਾਂ ਦੇ ਖੋਲ ਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਆਈਪੀਐਸ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।
ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਮਹਿਲ ਕਲਾਂ ਦੀ ਨਿਗਰਾਨੀ ਹੇਠ ਥਾਣਾ ਮਹਿਲ ਕਲਾਂ, ਕਾਊਂਟਰ ਇੰਟੈਲੀਜੈਂਸ ਤੇ ਸੀਆਈਏ ਸਟਾਫ਼ ਦੀ ਇਕ ਸਾਂਝੀ ਟੀਮ ਤਾਇਨਾਤ ਕੀਤੀ ਗਈ ਸੀ। ਜੋ ਮੰਗਲਵਾਰ ਦੀ ਸਵੇਰ ਨੂੰ ਕਰੀਬ ਸਾਢੇ ਪੰਜ ਵਜੇ ਪੁਰਾਣੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸੇ ਨਾਕੇ ਦੌਰਾਨ ਮਹਿਲ ਕਲਾਂ ਵਾਲੇ ਪਾਸਿਓਂ ਰਾਏਕੋਟ ਵੱਲ ਜਾ ਰਹੀ ਇਕ ਚਿੱਟੇ ਰੰਗ ਦੀ ਵਰਨਾ ਕਾਰ ਆਉਂਦੀ ਵਿਖਾਈ ਦਿੱਤੀ।
Read Also : ਜਾਇਦਾਦ ਵਿਵਾਦ 'ਚ ਦੋ ਪੁੱਤਰਾਂ ਵੱਲੋਂ ਮਾਪਿਆਂ ਦਾ ਕਤਲ
ਪੁਲਿਸ ਟੀਮ ਨੇ ਜਦੋਂ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਤੇ ਬੈਰੀਕੇਡ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਵੀ ਤੁਰੰਤ ਜਵਾਬੀ ਕਾਰਵਾਈ ’ਚ ਫਾਇਰਿੰਗ ਕੀਤੀ। ਕੁਝ ਹੀ ਦੂਰੀ ’ਤੇ ਜਾ ਕੇ ਮੁਲਜ਼ਮ ਕਾਰ ਛੱਡ ਕੇ ਨੇੜਲੇ ਖੇਤਾਂ ਵੱਲ ਭੱਜਣ ਲੱਗੇ। ਪਰ ਪੁਲਿਸ ਟੀਮ ਨੇ ਮੁਸਤੈਦੀ ਵਿਖਾਉਂਦੇ ਹੋਏ ਦੋਵਾਂ ਨੂੰ ਘੇਰ ਕੇ ਦਬੋਚ ਲਿਆ।
ਇਸ ਸਬੰਧੀ ਡੀਐੱਸਪੀ ਮਹਿਲ ਕਲਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਵੇਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਵਾਸੀ ਬਖ਼ਤਗੜ੍ਹ ਮੌਜੂਦਾ ਨਿਵਾਸੀ ਮਹਿਲ ਕਲਾਂ ਤੇ ਦੂਜਾ ਗੁਰਸ਼ਰਨ ਸਿੰਘ ਉਰਫ਼ ਸਰਨਾ ਵਾਸੀ ਰੌਂਤਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਪੁਲਿਸ ਦੇ ਜਾਰੀ ਪ੍ਰੈੱਸ ਨੋਟ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਵੇ ਨੌਜਵਾਨਾਂ ਕੋਲੋਂ ਇਕ ਪਿਸਟਲ 30 ਬੋਰ ਸਮੇਤ 2 ਜਿੰਦਾ ਕਾਰਤੂਸ, ਇੱਕ ਪਿਸਟਲ ਦੇਸੀ 32 ਬੋਰ ਬਿਨਾ ਮਾਰਕਾ ਸਮੇਤ 2 ਜਿੰਦਾ ਕਾਰਤੂਸ, ਇਕ ਚਿੱਟੇ ਰੰਗ ਦੀ ਵਰਨਾ ਗੱਡੀ ਤੋਂ ਇਲਾਵਾ ਚੱਲੇ ਹੋਏ 5 ਖੋਲ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਜਲਦ ਹੀ ਬਰਨਾਲਾ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਸਨ ਜਾਂ ਉਨ੍ਹਾਂ ਦੇ ਤਾਰ ਕਿਸੇ ਹੋਰ ਗੈਂਗਸਟਰ ਗਰੁੱਪ ਨਾਲ ਜੁੜੇ ਹੋਏ ਹਨ। ਫਿਲਹਾਲ ਮਾਮਲੇ ਦੀ ਤਫ਼ਤੀਸ਼ ਲਗਾਤਾਰ ਜਾਰੀ ਹੈ।