Ludhiana News: ਲੁਧਿਆਣਾ ਦੇ ਪ੍ਰਾਪਰਟੀ ਡੀਲਰ ਕਤਲ ਕੇਸ ’ਚ ਸ਼ਾਮਲ ਦੋ ਵਿਅਕਤੀ ਗਲਾਕ ਪਸਤੌਲ ਸਮੇਤ ਕਾਬੂ

ਲੁਧਿਆਣਾ ਪੁਲਿਸ ਵੱਲੋਂ ਲੋੜੀਂਦੇ ਮੁਲਜ਼ਮ ਗ੍ਰਿਫਤਾਰ

Khushdeep Singh Picture
Published On

ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ’ਚ ਲੁਧਿਆਣਾ ਦੇ ਪ੍ਰਾਪਰਟੀ ਡੀਲਰ ਕਤਲ ਕੇਸ ’ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਇੱਕ 9 ਐਮਐਮ ਗਲੋਕ ਪਸਤੌਲ ਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਜੀਤ ਸਿੰਘ ਉਰਫ਼ ਬੌਬੀ ਤੇ ਮੋਹਿਤ ਕੁਮਾਰ, ਦੋਵੇਂ ਵਾਸੀ ਚੰਦਰਲੋਕ ਕਾਲੋਨੀ, ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, 7 ਅਗਸਤ, 2026 ਨੂੰ ਰਾਤ ਲਗਭਗ 11:30 ਵਜੇ ਲੁਧਿਆਣਾ ਦੇ ਸੁਤੰਤਰ ਨਗਰ ’ਚ ਪਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਈ ਵਿਅਕਤੀਆਂ ਨੇ ਹਰਜਿੰਦਰ ਸਿੰਘ ਉਰਫ਼ ਹੈਰੀ ਝੰਡਾ ’ਤੇ ਹਮਲਾ ਕਰ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਮਨਜੀਤ ਸਿੰਘ ਉਰਫ਼ ਬੌਬੀ ਦਾ ਅਪਰਾਧਿਕ ਪਿਛੋਕੜ ਹੈ ਤੇ ਉਹ ਇਰਾਦਾ-ਏ-ਕਤਲ ਤੇ ਐਨਡੀਪੀਐਸ ਐਕਟ ਤਹਿਤ ਦਰਜ ਮਾਮਲਿਆਂ ਸਮੇਤ ਕਈ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਰਿਹਾ ਹੈ ਤੇ ਲੁਧਿਆਣਾ ਸ਼ਹਿਰ ਦੇ ਖੇਤਰ ’ਚ ਇੱਕ ਸਥਾਨਕ ਗੈਂਗ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਡੀਜੀਪੀ ਨੇ ਸੂਬੇ ਭਰ ’ਚ ਅਮਨ-ਸ਼ਾਂਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਗਠਿਤ ਅਪਰਾਧ ਤੇ ਗੈਂਗਸਟਰ ਨੈੱਟਵਰਕ ਦੇ ਖਾਤਮੇ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ। ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਏ.ਜੀ.ਟੀ.ਐਫ. ਦੀਆਂ ਪੁਲਿਸ ਟੀਮਾਂ ਨੂੰ ਹਰਜਿੰਦਰ ਸਿੰਘ ਕਤਲ ਕੇਸ ’ਚ ਲੋੜੀਂਦੇ ਦੋ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਪੁਖ਼ਤਾ ਖੂਫ਼ੀਆ ਜਾਣਕਾਰੀ ਮਿਲੀ ਸੀ। Ludhiana News

ਇਹ ਵੀ ਪੜ੍ਹੋ : Faridkot Security: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਫ਼ਰੀਦਕੋਟ ’ਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ

ਜਿਸ ਨੂੰ ਤੁਰੰਤ ਟੈਕਨੀਕਲ ਸੈੱਲ ਨਾਲ ਸਾਂਝਾ ਕੀਤਾ ਗਿਆ ਤੇ ਦੋਵਾਂ ਮੁਲਜ਼ਮਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਬਣਾ ਕੇ ਰੱਖੀ ਗਈ। ਉਨ੍ਹਾਂ ਦੱਸਿਆ ਕਿ ਤਕਨੀਕੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਇੰਸਪੈਕਟਰ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਕਮਿਸ਼ਨਰੇਟ ਲੁਧਿਆਣਾ ਪੁਲਿਸ ਨਾਲ ਮਿਲ ਕੇ ਸਾਂਝਾ ਆਪ੍ਰੇਸ਼ਨ ਚਲਾਇਆ ਤੇ ਦੋਵਾਂ ਮੁਲਜ਼ਮਾਂ ਨੂੰ ਟਿੱਬਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਹੋਰ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ਼ ਪੁਲਿਸ (ਸੀਪੀ) ਲੁਧਿਆਣਾ ਸਵਪਨ ਸ਼ਰਮਾ ਨੇ ਦੱਸਿਆ ਕਿ ਵਾਰਦਾਤ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਟਿੱਬਾ, ਕਮਿਸ਼ਨਰੇਟ ਲੁਧਿਆਣਾ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। Ludhiana News

About The Author

Related Posts