Patiala Crime News: ਪਟਿਆਲਾ ’ਚ 24 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮ੍ਰਿਤਕ ਦੀ ਪਛਾਣ ਜਸ਼ਨ ਵਿਰਕ ਵਜੋਂ ਹੋਈ

Khushdeep Singh Picture
Published On

ਪਟਿਆਲਾ (ਸੱਚ ਕਹੂੂੰ ਨਿਊਜ਼/ਹਿੰ.ਸ.)। ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ’ਚ ਰੰਜਿਸ਼ ਦੇ ਚਲਦਿਆਂ ਇੱਕ 24 ਸਾਲਾ ਨੌਜਵਾਨ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸ਼ਨ ਵਿਰਕ ਵਜੋਂ ਹੋਈ ਹੈ। ਇਸ ਹਮਲੇ ਦੌਰਾਨ ਜਸ਼ਨ ਨੂੰ ਬਚਾਉਣ ਲਈ ਅੱਗੇ ਆਏ ਬਲਦੇਵ ਸਿੰਘ ਨਾਮਕ ਵਿਅਕਤੀ ’ਤੇ ਵੀ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਲਾਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜਸ਼ਨ ਵਿਰਕ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਜਸ਼ਨ ਦੀ ਕਿਸੇ ਗੱਲ ਨੂੰ ਲੈਕੇ ਨੌਜਵਾਨਾਂ ਨਾਲ ਬਹਿਸ ਹੋ ਗਈ। ਵੇਖਦੇ ਹੀ ਵੇਖਦੇ ਬਹਿਸ ਨੇ ਝਗੜੇ ਦਾ ਰੂਪ ਧਾਰ ਲਿਆ ਤੇ ਹਮਲਾਵਰਾਂ ਨੇ ਕਥਿਤ ਤੌਰ ’ਤੇ ਜਸ਼ਨ ’ਤੇ ਚਾਕੂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜਸ਼ਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਦੌਰਾਨ ਮੌਕੇ ’ਤੇ ਮੌਜੂਦ ਬਲਦੇਵ ਸਿੰਘ ਨੇ ਹਮਲਾਵਰਾਂ ਨੂੰ ਰੋਕਣ ਤੇ ਜਸ਼ਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। Patiala Crime News

ਇਹ ਵੀ ਪੜ੍ਹੋ : ਚੌਕਸੀ: ਬਜ਼ਾਰ ’ਚ ਆ ਜਾਣੀ ਸੀ ਇੱਕ ਕਰੋੜ ਦੀ ਨਕਲੀ ਕਰੰਸੀ, 500 ਦੇ ਨਕਲੀ ਨੋਟਾਂ ਨਾਲ ਭਰੀ ਕਾਰ ਫੜੀ

ਇਸ ਦੌਰਾਨ ਕਥਿਤ ਤੌਰ ’ਤੇ ਹਮਲਾਵਰਾਂ ਨੇ ਬਲਦੇਵ ਸਿੰਘ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਹਾਲਤ ’ਚ ਦੋਵਾਂ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਜਸ਼ਨ ਵਿਰਕ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਬਲਦੇਵ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਲਾਕੇ ’ਚ ਗੁੰਡਾਗਰਦੀ ਤੇ ਕਾਨੂੰਨ-ਵਿਵਸਥਾ ਨਾਲ ਸਬੰਧਤ ਘਟਨਾਵਾਂ ਵਧ ਰਹੀਆਂ ਹਨ, ਪਰ ਅਸਮਾਜਿਕ ਤੱਤਾਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਕਥਿਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ ਤੇ ਸੰਭਾਵਿਤ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। Patiala Crime News

About The Author

Related Posts