BJP Tiranga Yatra: ਭਾਜਪਾ ਆਜ਼ਾਦੀ ਦਿਵਸ ਮੌਕੇ ’ਤੇ ਕੱਢੇਗੀ ਤਿਰੰਗਾ ਯਾਤਰਾ
14 ਅਗਸਤ ਦੀ ਸ਼ਾਮ ਨੂੰ ਸ਼ਹਿਰ ’ਚ ਕੱਢੇਗੀ ਯਾਤਰਾ, ਤਿਆਰੀਆਂ ਸਬੰਧੀ ਹੋਈਆਂ ਮੀਟਿੰਗਾਂ
ਬਠਿੰਡਾ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਜਨਤਾ ਪਾਰਟੀ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ’ਤੇ 14 ਅਗਸਤ ਦੀ ਸ਼ਾਮ ਨੂੰ ਬਠਿੰਡਾ ਸ਼ਹਿਰ ’ਚ ਸ਼ਾਨਦਾਰ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਯਾਤਰਾ ਨੂੰ ਸਫਲ ਬਣਾਉਣ ਲਈ ਭਾਜਪਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪਾਰਟੀ ਦੇ ਵੱਖ-ਵੱਖ ਸੰਗਠਨਾਂ, ਮੋਰਚਿਆਂ ਤੇ ਵਿੰਗਾਂ ਦੇ ਅਹੁਦੇਦਾਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਸਰੂਪ ਚੰਦ ਸਿੰਗਲਾ ਨੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਇਲਾਕਿਆਂ ’ਚ ਜਾ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਤਿਰੰਗਾ ਯਾਤਰਾ ਨਾਲ ਜੋੜਣ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸਿਰਫ਼ ਭਾਜਪਾ ਦਾ ਪ੍ਰੋਗਰਾਮ ਨਹੀਂ, ਸਗੋਂ ਦੇਸ਼ਭਗਤੀ ਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ। ਇਸ ’ਚ ਸਮਾਜ ਦੇ ਹਰ ਵਰਗ, ਵਪਾਰੀਆਂ, ਨੌਜਵਾਨਾਂ, ਮਹਿਲਾਵਾਂ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਤੇ ਆਮ ਨਾਗਰਿਕਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਆਜ਼ਾਦੀ ਦਿਵਸ ਸਾਨੂੰ ਉਹਨਾਂ ਵੀਰ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ। ਤਿਰੰਗਾ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ’ਚ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਝੰਡੇ ਦੇ ਸਨਮਾਨ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਆਜ਼ਾਦੀ ਸੈਨਾਨੀਆਂ ਦੇ ਸੰਘਰਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਸ਼ਹਿਰ ਦੇ ਮੁੱਖ ਮਾਰਗਾਂ ਰਾਹੀਂ ਕੱਢੀ ਜਾਵੇਗੀ, ਜਿਸ ’ਚ ਵੱਡੀ ਗਿਣਤੀ ’ਚ ਵਰਕਰ ਹੱਥਾਂ ’ਚ ਤਿਰੰਗਾ ਲੈ ਕੇ ਸ਼ਾਮਲ ਹੋਣਗੇ। ਯਾਤਰਾ ਦੌਰਾਨ ਦੇਸ਼ਭਗਤੀ ਦੇ ਗੀਤਾਂ ਤੇ ਨਾਅਰਿਆਂ ਰਾਹੀਂ ਰਾਸ਼ਟਰ ਪ੍ਰੇਮ ਦਾ ਸੰਦੇਸ਼ ਦਿੱਤਾ ਜਾਵੇਗਾ। ਭਾਜਪਾ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਬਠਿੰਡਾ ਸ਼ਹਿਰ ਦੇ ਨਾਗਰਿਕ ਇਸ ਤਿਰੰਗਾ ਯਾਤਰਾ ’ਚ ਉਤਸ਼ਾਹ ਨਾਲ ਭਾਗ ਲੈ ਕੇ ਆਜ਼ਾਦੀ ਦਿਵਸ ਦੇ ਇਸ ਮੌਕੇ ਨੂੰ ਇਤਿਹਾਸਕ ਬਣਾਉਣਗੇ। ਪਾਰਟੀ ਨੇ ਸਾਰੇ ਦੇਸ਼ਭਗਤ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ 14 ਅਗਸਤ ਦੀ ਸ਼ਾਮ ਤਿਰੰਗਾ ਯਾਤਰਾ ’ਚ ਸ਼ਾਮਲ ਹੋ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸੰਦੇਸ਼ ਦੇਣ। BJP Tiranga Yatra
ਇਹ ਵੀ ਪੜ੍ਹੋ : Indian Army Chief: ਭਾਰਤੀ ਫੌਜ ਮੁਖੀ ਜਨਰਲ ਸੇਠ 16 ਅਗਸਤ ਤੋਂ ਨੇਪਾਲ ਦੇ ਪੰਜ ਦਿਨਾਂ ਦੌਰੇ ’ਤੇ