Faridkot Police: ਫਰੀਦਕੋਟ ਪੁਲਿਸ ਨੇ ਲੱੁਟ ਦੀ ਸਾਜ਼ਿਸ਼ ਨਾਕਾਮ ਕੀਤੀ, 5 ਮੁਲਜ਼ਮ ਗ੍ਰਿਫਤਾਰ

5 ਮੁਲਜ਼ਮ ਹਥਿਆਰਾਂ ਸਮੇਤ ਪੁਲਿਸ ਨੇ ਕੀਤੇ ਗ੍ਰਿਫਤਾਰ

Khushdeep Singh Picture
Published On

Faridkot Police: ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ਫਰੀਦਕੋਟ ਦੇ ਥਾਣਾ ਸਦਰ ਪੁਲਿਸ ਨੇ ਕਾਰਵਾਈ ਕਰਦਿਆਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਪੰਜ ਮੈਂਬਰੀ ਗਿਰੋਹ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਈ ਘਾਤਕ ਹਥਿਆਰ ਬਰਾਮਦ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ਼ ਗੱਗੂ, ਰਣਜੀਤ ਸਿੰਘ ਉਰਫ਼ ਗੋਖੀ, ਜਸਵੀਰ ਸਿੰਘ ਉਰਫ਼ ਜੱਸਾ (ਤਿੰਨੇ ਵਾਸੀ ਪਿੰਡ ਭਾਗਥਲਾ ਕਲਾਂ), ਆਕਾਸ਼ਦੀਪ ਸਿੰਘ ਉਰਫ਼ ਦੀਪ (ਵਾਸੀ ਭਾਗਥਲਾ ਖੁਰਦ) ਤੇ ਚਰਨਦਾਸ ਉਰਫ਼ ਮੋਨੂ (ਵਾਸੀ ਮਚਾਕੀ ਕਲਾਂ) ਵਜੋਂ ਹੋਈ ਹੈ।

ਪੁਲਿਸ ਅਨੁਸਾਰ ਕੁਝ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਨਿਰਦੇਸ਼ਾਂ ਹੇਠ ਅਪਰਾਧੀਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਸਦਰ ਦੇ ਏਐੱਸਆਈ ਰਾਜ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ’ਚ ਗਸ਼ਤ ਤੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਜਦੋਂ ਟੀਮ ਪਿੰਡ ਰਾਜੋਵਾਲ ਨੇੜੇ ਮੌਜ਼ੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਫਿਰੋਜ਼ਪੁਰ ਰੋਡ ਤੋਂ ਪਿੰਡ ਹਰਦਿਆਲੇਆਣਾ ਨੂੰ ਜਾਂਦੇ ਲਿੰਕ ਰੋਡ ’ਤੇ ਇੱਕ ਸੁੰਨਸਾਨ ਥਾਂ ’ਤੇ ਇਕੱਠੇ ਹੋ ਕੇ ਰਾਹਗੀਰਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। Faridkot Police

Read Also : Road Accident: ਜਲੰਧਰ ’ਚ ਭਿਆਨਕ ਹਾਦਸਾ, ਖਰਾਬ ਬੱਸ ਨੂੰ ਬਚਾਉਂਦੇ ਸਮੇਂ ਕੰਟੇਨਰ ਤੇ ਟਿੱਪਰ ਦੀ ਟੱਕਰ

ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ’ਤੇ ਛਾਪਾ ਮਾਰ ਕੇ ਪੰਜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਕਾਪਾ, ਇੱਕ ਖੰਡਾ, ਇੱਕ ਗੰਡਾਸੀ ਤੇ ਗਰਾਰੀ ਲੱਗੀ ਲੋਹੇ ਦੀ ਪਾਈਪ ਸਮੇਤ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਰਣਜੀਤ ਸਿੰਘ ਉਰਫ਼ ਗੋਖੀ ਖਿਲ਼ਾਫ਼ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਸਖ਼ਤੀ ਨਾਲ ਪੁੱਛਗਿੱਛ ਕਰਕੇ ਇਲਾਕੇ ਵਿੱਚ ਹਾਲ ਹੀ ’ਚ ਹੋਈਆਂ ਲੁੱਟ-ਖੋਹ ਤੇ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਵੀ ਅਹਿਮ ਖੁਲਾਸੇ ਕੀਤੇ ਜਾ ਸਕਣ। ਪੁਲਿਸ ਦਾ ਕਹਿਣਾ ਹੈ ਕਿ ਅਪਰਾਧਿਕ ਗਤੀਵਿਧੀਆਂ ’ਤੇ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Related Posts