Punjab
Punjab Health News: ਫਰੀਦਕੋਟ ’ਚ ਡੇਂਗੂ ਖਿਲਾਫ਼ ਵੱਡੀ ਮੁਹਿੰਮ, 25 ਥਾਵਾਂ ਤੋਂ ਲਾਰਵਾ ਨਸ਼ਟ
ਫੈਕਟਰੀਆਂ, ਸ਼ੈਲਰਾਂ, ਨਰਸਰੀਆਂ ਤੇ ਨਿਰਮਾਣ ਅਧੀਨ ਸਾਈਟਾਂ ’ਤੇ ਸਿਹਤ ਵਿਭਾਗ ਦੀ ਵਿਸ਼ੇਸ਼ ਚੈਕਿੰਗ ਮੁਹਿੰਮ
Punjab Health News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਫਰੀਦਕੋਟ ਵੱਲੋਂ ਚਲਾਈ ਜਾ ਰਹੀ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਾਈ-ਰਿਸਕ ਖੇਤਰਾਂ ’ਚ ਵਿਸ਼ੇਸ਼ ਲਾਰਵਾ ਚੈਕਿੰਗ ਕੀਤੀ ਗਈ। ਇਸ ਦੌਰਾਨ ਫੈਕਟਰੀਆਂ, ਰਾਈਸ ਸ਼ੈਲਰਾਂ, ਪਲਾਂਟ ਨਰਸਰੀਆਂ, ਪਾਰਕਾਂ, ਨਿਰਮਾਣ ਅਧੀਨ ਸਾਈਟਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਤੋਂ ਡੇਂਗੂ ਮੱਛਰ ਦਾ ਲਾਰਵਾ ਮਿਲਣ ’ਤੇ 25 ਥਾਵਾਂ ’ਤੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਹ ਮੁਹਿੰਮ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਮਲੇਰੀਆ ਵਿੰਗ ਵੱਲੋਂ ਰਾਜ ਪੱਧਰੀ ਐਂਟੀ ਡੇਂਗੂ ਕੈਂਪੇਨ ਦੇ ਤਹਿਤ ਚਲਾਈ ਗਈ। ਇਸ ਦੌਰਾਨ ਮਾਸ ਮੀਡੀਆ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਅੰਬੇਡਕਰ ਪਾਰਕ ਤੋਂ ਭੋਲੂਵਾਲ ਰੋਡ, ਚਹਿਲ ਰੋਡ, ਸੇਠੀ ਡੇਅਰੀ, ਚਹਿਲ ਪੁਲ, ਨਹਿਰ ਕਿਨਾਰੇ ਸਥਿਤ ਨਰਸਰੀਆਂ, ਸਦਰ ਥਾਣੇ ਤੋਂ ਮਾਈ ਗੋਦੜੀ ਸਾਹਿਬ ਤੇ ਰਾਧਾ ਕ੍ਰਿਸ਼ਨ ਧਾਮ ਇਲਾਕੇ ਸਮੇਤ ਸਾਦਿਕ ਰੋਡ ਤੋਂ ਮਚਾਕੀ ਕਲਾਂ ਤੱਕ ਸਥਿਤ ਸ਼ੈਲਰਾਂ, ਕਾਰਖਾਨਿਆਂ ਤੇ ਕੰਸਟਰਕਸ਼ਨ ਸਾਈਟਾਂ ’ਤੇ ਬ੍ਰੀਡਿੰਗ ਚੈਕਿੰਗ ਕੀਤੀ। ਚੈਕਿੰਗ ਦੌਰਾਨ 25 ਵੱਖ-ਵੱਖ ਥਾਵਾਂ ਤੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਜਿਸ ਨੂੰ ਮਲੇਰੀਆ ਵਿੰਗ ਦੀਆਂ ਟੀਮਾਂ ਨੇ ਤੁਰੰਤ ਨਸ਼ਟ ਕਰ ਦਿੱਤਾ। ਨਾਲ ਹੀ ਸਬੰਧਤ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਨਿਯਮਿਤ ਸਫ਼ਾਈ ਯਕੀਨੀ ਬਣਾਉਣ ਤਾਂ ਜੋ ਡੇਂਗੂ ਦੀ ਬ੍ਰੀਡਿੰਗ ਨੂੰ ਰੋਕਿਆ ਜਾ ਸਕੇ। ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ’ਚ ਲੋਕਾਂ ਦੀ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ।
Read Also : Sunam News: ਪੰਜਾਬ ਬੰਦ ਦੇ ਸੱਦੇ ਦਾ ਅਸਰ ਸੁਨਾਮ ’ਚ ਆਇਆ ਨਜ਼ਰ, ਬਾਜ਼ਾਰ ਰਹੇ ਮੁਕੰਮਲ ਬੰਦ
ਉਨ੍ਹਾਂ ਅਪੀਲ ਕੀਤੀ ਕਿ ਘਰਾਂ, ਫੈਕਟਰੀਆਂ, ਸ਼ੈਲਰਾਂ, ਨਰਸਰੀਆਂ, ਪਾਰਕਾਂ ਤੇ ਨਿਰਮਾਣ ਅਧੀਨ ਸਥਾਨਾਂ ’ਤੇ ਸਾਫ਼ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਕੂਲਰ, ਪਾਣੀ ਦੀਆਂ ਟੈਂਕੀਆਂ, ਗਮਲੇ, ਪੁਰਾਣੇ ਟਾਇਰ ਤੇ ਹੋਰ ਪਾਣੀ ਵਾਲੇ ਭਾਂਡਿਆਂ ਨੂੰ ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਖਾਲੀ ਕਰਕੇ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਤੇ ਖੜ੍ਹੇ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਮਲੇਰੀਆ ਵਿੰਗ ਦੀਆਂ ਟੀਮਾਂ ਵੱਲੋਂ ਹਾਈ-ਰਿਸਕ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਪਿੱਛੇ ਦਰਦ, ਸਰੀਰ ਦਰਦ ਜਾਂ ਡੇਂਗੂ ਵਰਗੇ ਹੋਰ ਲੱਛਣ ਮਹਿਸੂਸ ਹੋਣ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰੇ ਅਤੇ ਸਵੈ-ਇਲਾਜ ਤੋਂ ਬਚੇ। ਸਿਹਤ ਵਿਭਾਗ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ ਤੇ ਡੇਂਗੂ ਮੁਕਤ ਫਰੀਦਕੋਟ ਬਣਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ। Punjab Health News