Abohar News: ਮੇਅਰ ਐਲਾਨ ਖਿਲਾਫ਼ ਭਾਜਪਾ ਦਾ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ

ਡੀਸੀ ਤੇ ਕਮਿਸ਼ਨਰ ਨੂੰ ਘੇਰਿਆ

Khushdeep Singh Picture
Published On

ਅਬੋਹਰ (ਮੇਵਾ ਸਿੰਘ)। ਆਮ ਆਦਮੀ ਪਾਰਟੀ ਵੱਲੋਂ ਅਬੋਹਰ ਨਗਰ ਨਿਗਮ ਦਾ ਆਪਣੀ ਪਾਰਟੀ ਦਾ ਮੇਅਰ ਐਲਾਨ ਕਰਨ ਤੇ ਭਾਜਪਾ ਵਰਕਰਾਂ, ਕੌਂਸਲਰਾਂ ਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਵਿੱਚ ਡੀਸੀ ਤੇ ਫਿਰੋਜ਼ਪੁਰ ਕਮਿਸ਼ਨਰ ਦੀ ਕਾਰ ਨੂੰ ਘੇਰ ਲਿਆ ਗਿਆ, ਵਿਧਾਇਕ ਕਾਰ ਦੇ ਸਾਹਮਣੇ ਲੇਟ ਗਏ, ਜਿਸ ਕਰਕੇ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨ ਲਈ ਮਜ਼ਬੂਰ ਹੋਣਾ ਪਿਆ, ਜਿਸ ਕਰਕੇ ਦੋ ਕੌਂਸਲਰ ਜ਼ਖਮੀ ਹੋ ਗਏ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਹਾਸਲ ਜਾਣਕਾਰੀ ਅਨੁਸਾਰ ਜਦੋਂ ਅਬੋਹਰ ਨਗਰ ਨਿਗਮ ’ਚ ਸ਼ਾਮ 4 ਵਜੇ ਕਰੀਬ ਮੇਅਰ ਚੋਣਾਂ ਸ਼ੁਰੂ ਹੋਈਆਂ, ਤਾਂ ਪੂਰਾ ਨਗਰ ਨਿਗਮ ਛਾਉਣੀ ’ਚ ਬਦਲ ਗਿਆ। ਲਗਭਗ ਇੱਕ ਘੰਟੇ ਬਾਅਦ, ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ।

ਜਦੋਂ ਸਾਰੇ ਜੇਤੂ ਕੌਂਸਲਰਾਂ ਤੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ, ‘ਆਪ’ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਕਥਿਤ ਤੌਰ ’ਤੇ ‘ਆਪ’ ਕੌਂਸਲਰ ਗਣੇਸ਼ ਸਬਲਾਨੀਆ ਨੂੰ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ। ਇਸ ਨਾਲ ਭਾਜਪਾ ਕੌਂਸਲਰਾਂ ’ਚ ਗੁੱਸਾ ਭੜਕ ਗਿਆ। ਜਿਸ ਕਰਕੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਤੇ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਦੀ ਗੱਡੀ ਨੂੰ ਘੇਰ ਲਿਆ। ਡੀਸੀ ਦੇ ਡਰਾਈਵਰ ਨੇ ਜ਼ਬਰਦਸਤੀ ਗੱਡੀ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਦੋ ਭਾਜਪਾ ਕੌਂਸਲਰ ਜ਼ਖਮੀ ਹੋ ਗਏ। ਜਾਣਕਾਰੀ ਮਿਲਣ ’ਤੇ, ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਮੌਕੇ ’ਤੇ ਪਹੁੰਚੇ ਤੇ ‘ਆਪ’ ਸਰਕਾਰ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ।

ਉਧਰ ਭਾਜਪਾ ਕੌਂਸਲਰਾਂ ਨੇ ਡੀਸੀ ਤੇ ਫਿਰੋਜ਼ਪੁਰ ਕਮਿਸ਼ਨਰ ਨੂੰ ਨਗਰ ਨਿਗਮ ’ਚ ਬੰਧਕ ਬਣਾਉਣ ਬਾਰੇ ਦੱਸਿਆ ਜਾ ਰਿਹਾ ਹੈ। ਇਸ ਖ਼ਬਰ ਦੇ ਲਿਖਣ ਸਮੇਂ ਸੁਨੀਲ ਜਾਖੜ ਸ਼ਾਮ ਨੂੰ ਦੇਰ ਤੱਕ ਨਗਰ ਨਿਗਮ ਦਫ਼ਤਰ ’ਚ ਡੀਸ਼ੀ ਤੇ ਫਿਰੋਜ਼ਪੁਰ ਕਮਿਸ਼ਨਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਜਵਾਬ ਮੰਗ ਰਹੇ ਸਨ। ਜਿਕਰ ਕਰਨਾ ਬਣਦਾ ਹੈ ਕਿ ਅਬੋਹਰ ਦੇ ਕੁਲ 50 ਕੌਂਸਲਰਾਂ ਵਿੱਚੋਂ ਭਾਜਪਾ ਕੋਲ 29 ਕੌਂਸਲਰ ਸਨ ਤੇ ‘ਆਪ’ ਕੋਲ ਸਿਰਫ਼ 20 ਕੌਂਸਲਰ ਸਨ ਤਾਂ ਉਹ ਮੇਅਰ ਦੀ ਪਦਵੀ ਕਿਵੇਂ ਜਿੱਤਣ ’ਚ ਕਾਮਯਾਬ ਹੋਏ, ਇਹ ਵੀ ਇੱਕ ਸਵਾਲ ਹੈ। ਸਾਬਕਾ ਸੂਬਾ ਪ੍ਰਧਾਨ ਨੇ ਅਧਿਕਾਰੀਆਂ ਨੂੰ ਕਿਹਾ, ਤੁਹਾਡੇ ਸਾਹਮਣੇ ਇਹ ਗੜਬੜ ਕਿਵੇਂ ਹੋਈ? ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ‘ਆਪ’ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮੀਟਿੰਗ ’ਚ ਬਹੁਮਤ ਹਾਸਲ ਕੀਤਾ ਤੇ ਗਣੇਸ਼ ਸਬਲਾਨੀਆ ਨੂੰ ਮੇਅਰ ਚੁਣਿਆ, ਜਿਸ ਨਾਲ ‘ਆਪ’ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ।

About The Author

Related Posts