Punjab Medical Simulation Education: ਪੰਜਾਬ ’ਚ ਸਿਮੂਲੇਸ਼ਨ ਆਧਾਰਿਤ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ
ਬੀਐਫਯੂਐਚਐਸ ਵਿਖੇ ‘ਸਿਮੂਵਰਸ-2026’ ਦਾ ਆਗਾਜ਼, ਆਧੁਨਿਕ ਸਿਮੂਲੇਸ਼ਨ ਲੈਬਾਂ ਦਾ ਉਦਘਾਟਨ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ’ਚ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ), ਫ਼ਰੀਦਕੋਟ ਵਿਖੇ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ‘ਸਿਮੂਵਰਸ-2026’ ਦੀ ਸ਼ਾਨਦਾਰ ਸ਼ੁਰੂਆਤ ਹੋਈ। ਕਾਨਫਰੰਸ ਦਾ ਮਕਸਦ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਨਰਸਿੰਗ ਤੇ ਅਲਾਈਡ ਹੈਲਥ ਸਾਇੰਸਿਜ਼ ਦੇ ਵਿਦਿਆਰਥੀਆਂ ਨੂੰ ਸਿਮੂਲੇਸ਼ਨ ਆਧਾਰਿਤ ਵਿਹਾਰਕ ਸਿਖਲਾਈ ਦੇ ਕੇ ਮਰੀਜ਼ਾਂ ਲਈ ਹੋਰ ਸੁਰੱਖਿਅਤ ਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਯਕੀਨੀ ਬਣਾਉਣਾ ਹੈ। ਕਾਨਫਰੰਸ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਡਾ. ਬਲਜੀਤ ਕੌਰ ਨੇ ਕੀਤਾ।
ਇਸ ਮੌਕੇ ਵਿਧਾਇਕ ਤੇ ਬੋਰਡ ਆਫ਼ ਮੈਨੇਜਮੈਂਟ ਦੇ ਮੈਂਬਰ ਗੁਰਦਿੱਤ ਸਿੰਘ ਸੇਖੋਂ, ਬੀਐਫਯੂਐਚਐਸ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ, ਰਜਿਸਟਰਾਰ ਅਰਵਿੰਦ ਕੁਮਾਰ, ਡਾ. ਦੀਪਕ ਜੌਨ ਭੱਟੀ, ਡਾ. ਰਾਜੀਵ ਸ਼ਰਮਾ, ਡਾ. ਸੀਮਾ ਗਰੋਵਰ ਭੱਟੀ, ਡਾ. ਨੀਤੂ ਕੁੱਕੜ, ਡਾ. ਜਸਬੀਰ ਕੌਰ ਤੇ ਡਾ. ਸ਼ੌਰਭ ਸਿਨ੍ਹਾ ਸਮੇਤ ਵੱਡੀ ਗਿਣਤੀ ਵਿੱਚ ਡਾਕਟਰ, ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੌਰਾਨ ਮਹਿਮਾਨਾਂ ਨੇ ਜੇਰੀਆਟ੍ਰਿਕ ਕੇਅਰ ਪ੍ਰੋਵਾਈਡਰ ਲੈਬ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਲੈਬ, ਐਡਵਾਂਸਡ ਸਰਜੀਕਲ ਸਿਮੂਲੇਸ਼ਨ ਸੈਂਟਰ, ਮਲਟੀਡਿਸ਼ਪਲਿਨਰੀ ਐਡਵਾਂਸਡ ਸਰਜੀਕਲ ਐਨਾਟੋਮੀ ਐਂਡ ਇਮੇਜਿੰਗ ਲੈਬ ਤੇ ਅਪਗ੍ਰੇਡ ਕੀਤੀ ਆਫਥੈਲਮੋਲੋਜੀ ਡਾਇਗਨੋਸਟਿਕ ਐਂਡ ਲੇਜ਼ਰ ਟ੍ਰੀਟਮੈਂਟ ਲੈਬ ਦਾ ਉਦਘਾਟਨ ਵੀ ਕੀਤਾ।
Read Also : Women's T20 World Cup Final: ਮਹਿਲਾ ਟੀ20 ਵਿਸ਼ਵ ਕੱਪ ਦਾ ਫਾਈਨਲ ਅੱਜ, ਲਾਰਡਜ਼ ’ਚ ਅੰਗਰੇਜ਼ ਤੇ ਕੰਗਾਰੂ ਹੋਣਗੇ ਆਹਮੋ-ਸਾਹਮਣੇ
ਇਨ੍ਹਾਂ ਸਹੂਲਤਾਂ ਰਾਹੀਂ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਨੂੰ ਅਸਲ ਮਰੀਜ਼ਾਂ ’ਤੇ ਇਲਾਜ ਕਰਨ ਤੋਂ ਪਹਿਲਾਂ ਸੁਰੱਖਿਅਤ ਮਾਹੌਲ ’ਚ ਅਭਿਆਸ ਕਰਨ ਦਾ ਮੌਕਾ ਮਿਲੇਗਾ। ਸਵਾਗਤੀ ਭਾਸ਼ਣ ਦਿੰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ‘ਸਿਮੂਵਰਸ-2026’ ਪੰਜਾਬ ਨੂੰ ਸਿਮੂਲੇਸ਼ਨ ਆਧਾਰਿਤ ਮੈਡੀਕਲ ਸਿੱਖਿਆ ਦਾ ਮੁੱਖ ਕੇਂਦਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਦੌਰਾਨ ਭਾਗੀਦਾਰਾਂ ਨੂੰ ਲੈਪਰੋਸਕੋਪਿਕ ਤੇ ਰੋਬੋਟਿਕ ਸਰਜਰੀ, ਐਂਡੋਯੂਰੋਲੋਜੀ, ਰੀਪ੍ਰੋਡਕਟਿਵ ਮੈਡੀਸਨ, ਆਰਥਰੋਸਕੋਪੀ, ਇੰਟਰਵੈਨਸ਼ਨਲ ਕਾਰਡੀਓਲੋਜੀ, ਨਿਊਰੋਸਰਜਰੀ ਤੇ ਅਲਟਰਾਸਾਊਂਡ ਆਧਾਰਿਤ ਪ੍ਰਕਿਰਿਆਵਾਂ ਸਮੇਤ ਕਈ ਆਧੁਨਿਕ ਤਕਨੀਕਾਂ ਦੀ ਹੈਂਡਜ਼-ਆਨ ਸਿਖਲਾਈ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਆਧੁਨਿਕ ਸਿਮੂਲੇਸ਼ਨ ਸਹੂਲਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੋ. (ਡਾ.) ਰਾਜੀਵ ਸੂਦ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਮੈਡੀਕਲ ਸਿੱਖਿਆ ’ਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਡਿਗਰੀ ਦੇ ਨਾਲ-ਨਾਲ ਉੱਚ ਪੱਧਰੀ ਹੁਨਰ ਵੀ ਲਾਜ਼ਮੀ ਹਨ ਤੇ ਸਿਮੂਲੇਸ਼ਨ ਆਧਾਰਿਤ ਸਿਖਲਾਈ ਡਾਕਟਰਾਂ ਦਾ ਆਤਮ-ਵਿਸ਼ਵਾਸ ਵਧਾਉਣ ਦੇ ਨਾਲ ਮਰੀਜ਼ਾਂ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਡਾ. ਬਲਜੀਤ ਕੌਰ ਨੇ ਯੂਨੀਵਰਸਿਟੀ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਐਫਯੂਐਚਐਸ ਦਾ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਦੀ ਸਫਲ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਵਾਈਸ ਚਾਂਸਲਰ ਤੇ ਸਮੁੱਚੀ ਟੀਮ ਨੂੰ ਆਧੁਨਿਕ ਸਹੂਲਤਾਂ ਵਿਕਸਿਤ ਕਰਨ ਲਈ ਵਧਾਈ ਦਿੱਤੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਵਾਈਸ ਚਾਂਸਲਰ ਦੀ ਅਗਵਾਈ ਹੇਠ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਟੀਮ ਜਿਸ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ।
ਕਾਨਫਰੰਸ ’ਚ ਦੇਸ਼ ਦੀਆਂ ਮੁੱਖ ਮੈਡੀਕਲ ਸੰਸਥਾਵਾਂ ਤੋਂ ਆਏ ਪ੍ਰਸਿੱਧ ਮਾਹਿਰਾਂ ਪ੍ਰੋ. (ਡਾ.) ਸੁਧੀਰ ਕੁਮਾਰ ਰਾਵਲ, ਪ੍ਰੋ. (ਡਾ.) ਅਨੂਪ ਕੁਮਾਰ, ਪ੍ਰੋ. (ਡਾ.) ਪੀਪੀ. ਸਿੰਘ, ਪ੍ਰੋ. (ਡਾ.) ਰਿਸ਼ੀ ਨੱਯਰ ਤੇ ਪ੍ਰੋ. (ਡਾ.) ਅਨਿਲ ਵਰਸ਼ਨੇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਵੱਲੋਂ ਸਾਰੇ ਵਿਸ਼ੇਸ਼ ਮਹਿਮਾਨਾਂ ਤੇ ਮਾਹਿਰਾਂ ਦਾ ਸਨਮਾਨ ਕੀਤਾ ਗਿਆ। ਤਿੰਨ ਦਿਨਾਂ ਤੱਕ ਚੱਲਣ ਵਾਲੀ ਇਸ ਕਾਨਫਰੰਸ ਦੌਰਾਨ ਦੇਸ਼ ਭਰ ਤੋਂ ਆਏ ਸੀਨੀਅਰ ਫੈਕਲਟੀ ਮੈਂਬਰ, ਕਨਸਲਟੈਂਟ, ਸੀਨੀਅਰ ਰੈਜ਼ੀਡੈਂਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਵੱਖ-ਵੱਖ ਵਿਗਿਆਨਕ ਸੈਸ਼ਨਾਂ, ਹੈਂਡਜ਼-ਆਨ ਵਰਕਸ਼ਾਪਾਂ, ਲਾਈਵ ਡੈਮੋ ਤੇ ਸਿਮੂਲੇਸ਼ਨ ਆਧਾਰਿਤ ਸਿਖਲਾਈ ’ਚ ਭਾਗ ਲੈਣਗੇ। ਭਾਗੀਦਾਰਾਂ ਨੇ ਯੂਨੀਵਰਸਿਟੀ ’ਚ ਵਿਕਸਿਤ ਕੀਤੀਆਂ ਆਧੁਨਿਕ ਸਿਮੂਲੇਸ਼ਨ ਸਹੂਲਤਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ‘ਸਿਮੂਵਰਸ-2026’ ਪੰਜਾਬ ’ਚ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਨਵੀਂ ਦਿਸ਼ਾ ਦੇਵੇਗਾ।