Punjab
CBSE North Zone-II Boys Swimming Championship 2026: ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ, ਐਮਐਸਜੀ ਭਾਰਤੀ ਖੇਲ੍ਹ ਗਾਓਂ ਦੀਆਂ ਵਿਸ਼ਵ-ਪੱਧਰੀ ਸਹੂਲਤਾਂ ਨੇ ਜਿੱਤਿਆ ਦੇਸ਼ ਭਰ ਦੇ ਖਿਡਾਰੀਆਂ ਦਾ ਦਿਲ
ਖਿਡਾਰੀਆਂ ਦੇ ਹੌਂਸਲਿਆਂ ਨੇ ਜਿੱਤਿਆ ਦਿਲ
ਸਰਸਾ (ਖੁਸ਼ਦੀਪ ਸਿੰਘ)। ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਅੱਜ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬਾਲਕ ਵਰਗ ਸਵੀਮਿੰਗ ਚੈਂਪੀਅਨਸ਼ਿਪ ਦਾ ਪਹਿਲਾ ਦਿਨ ਸ਼ਾਨਦਾਰ ਰਿਹਾ। ਅੱਜ ਕਰਵਾਏ ਗਏ ਤੈਰਾਕੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਸ਼ਾਨਦਾਰ ਹੁਨਰ, ਜੋਸ਼ ਤੇ ਅਨੁਸ਼ਾਸਨ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਰੋਮਾਂਚਕ ਮੁਕਾਬਲਿਆਂ ’ਚ ਖਿਡਾਰੀਆਂ ਨੇ ਜਿੱਤ ਲਈ ਪੂਰੀ ਤਾਕਤ ਲਾ ਦਿੱਤੀ ਤੇ ਖੇਡ ਭਾਵਨਾ ਦੇ ਨਾਲੋ-ਨਾਲ ਦ੍ਰਿੜ੍ਹ ਇਰਾਦਿਆਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਤਕਨੀਕੀ ਕੁਸ਼ਲਤਾ, ਫੁਰਤੀ ਤੇ ਆਤਮ-ਵਿਸ਼ਵਾਸ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਹਰ ਮੁਕਾਬਲਾ ਦਰਸ਼ਕਾਂ ਲਈ ਰੋਮਾਂਚ ਨਾਲ ਭਰਪੂਰ ਰਿਹਾ ਤੇ ਜੇਤੂਆਂ ਦਾ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ। Swimming Championship 2026
ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਸਵੇਰੇ 9 ਵਜੇ ਐੱਮਐੱਸਜੀ ਭਾਰਤੀ ਖੇਲ ਗਾਓਂ ਵਿਖੇ ਕੌਮਾਂਤਰੀ ਪੱਧਰ ’ਤੇ ਸਵਿਮਿੰਗ ਪੂਲ ’ਚ ਹੋਈ। ਉਦਘਾਟਨੀ ਸਮਾਰੋਹ ’ਚ ਸਵੀਮਿੰਗ ਫੈਡਰੇਸ਼ਨ ਆਫ ਇੰਡੀਆ ਤੇ ਹਰਿਆਣਾ ਸਵੀਮਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿੱਲ ਖੱਤਰੀ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਹੈੱਡ ਕੋਚ ਡਾ. ਨਵਨੀਤ ਭੁੱਲਰ ਨੇ ਦੱਸਿਆ ਕਿ ਮੁਕਾਬਲੇ ’ਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਸਮੇਤ ਲੱਦਾਖ ਤੋਂ ਵੱਖ-ਵੱਖ 376 ਸੀਬੀਐਸਈ ਸਕੂਲਾਂ ਦੇ 1178 ਬੱਚਿਆਂ ਦੇ ਰਜਿਸਟ੍ਰੇਸ਼ਨ ਹੋਏ ਹਨ। ਜਿਨ੍ਹਾਂ ’ਚ ਅੰਡਰ-11, ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਬੱਚੇ ਸ਼ਾਮਲ ਹਨ। ਆਓ ਜਾਣੀਏ ਵੱਖ ਵੱਖ ਸੂਬਿਆਂ ਤੋਂ ਆਏ ਵਿਦਿਆਰੀੀ ਖਿਡਾਰੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕੀ ਕਿਹਾ। Swimming Championship 2026
ਹਰ ਖਿਡਾਰੀ ਨੂੰ ਪਰਿਵਾਰਕ ਮਾਹੌਲ ’ਚ ਖੇਡਣ ਦਾ ਮਿਲ ਰਿਹੈ ਮੌਕਾ
ਐਮਐਸਜੀ ਭਾਰਤੀ ਖੇਲ ਗਾਓਂ ’ਚ ਹੋ ਰਹੇ ਮੁਕਾਬਲਿਆਂ ਦੌਰਾਨ ਜੰਮੂ-ਕਸ਼ਮੀਰ ਤੋਂ ਪਹੁੰਚੇ ਇੱਕ ਵਿਨੈ ਨਾਂਅ ਦੇ ਖਿਡਾਰੀ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਮੈਨੂੰ ਦਿੱਲੀ, ਗੁਜਰਾਤ ਨੈਸ਼ਨਲ ਪੱਧਰ ’ਤੇ ਖੇਡਣ ਦਾ ਮੌਕਾ ਮਿਲਿਆ, ਉਹ ਸੂਬਾ ਪੱਧਰ ਦੇ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਵੀ ਆਪਣੇ ਨਾਂਅ ਕਰ ਚੁੱਕਾ ਹੈ। ਖਿਡਾਰੀ ਨੇ ਕਿਹਾ, ‘ਮੈਂ ਹੁਣ ਤੱਕ ਕਈ ਥਾਵਾਂ ’ਤੇ ਮੁਕਾਬਲਿਆਂ ’ਚ ਹਿੱਸਾ ਲਿਆ ਹੈ, ਪਰ ਐਮਐਸਜੀ ਭਾਰਤੀ ਖੇਲ ਗਾਓਂ ’ਚ ਜੋ ਮਾਹੌਲ, ਪ੍ਰਬੰਧ, ਅਨੁਸ਼ਾਸਨ ਤੇ ਖਿਡਾਰੀਆਂ ਪ੍ਰਤੀ ਸਤਿਕਾਰ ਵੇਖਣ ਨੂੰ ਮਿਲਿਆ ਉਹ ਬੇਮਿਸਾਲ ਹੈ। ਇੱਥੇ ਹਰ ਖਿਡਾਰੀ ਨੂੰ ਪਰਿਵਾਰਕ ਮਾਹੌਲ ’ਚ ਖੇਡਣ ਦਾ ਮੌਕਾ ਮਿਲ ਰਿਹਾ ਹੈ। ਅੱਜ ਤੱਕ ਮੈਂ ਕਿਸੇ ਵੀ ਮੁਕਾਬਲੇ ’ਚ ਇਸ ਤਰ੍ਹਾਂ ਦਾ ਪ੍ਰੇਰਣਾਦਾਇਕ ਮਾਹੌਲ ਨਹੀਂ ਵੇਖਿਆ। ਅਜਿਹੇ ਆਯੋਜਨ ਖਿਡਾਰੀਆਂ ਦਾ ਮਨੋਬਲ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।

ਐਮਐਸਜੀ ਭਾਰਤੀ ਖੇਲ ਗਾਓਂ ਵਿਖੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ
ਜੰਮੂ-ਕਸ਼ਮੀਰ ਤੋਂ ਆਏ 15 ਸਾਲਾਂ ਖਿਡਾਰੀ ਮੂਸਾ ਨੇ ਵੀ ਆਪਣੇ ਖੇਡ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਸੀਬੀਐਸਈ ਨੈਸ਼ਨਲ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਹੈ। ਇਸ ਤੋਂ ਇਲਾਵਾ ਸੂਬਾ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਹ 6 ਸੋਨ ਤਗਮੇ, 2 ਚਾਂਦੀ ਦੇ ਤਗਮੇ ਤੇ 1 ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਚੁੱਕਿਆ ਹੈ। ਸਿਰਫ 15 ਸਾਲ ਦੀ ਉਮਰ ’ਚ ਇੰਨੀਆਂ ਉਪਲੱਬਧੀਆਂ ਹਾਸਲ ਕਰਨ ਵਾਲੇ ਮੂਸਾ ਨੇ ਕਿਹਾ ਕਿ ਉਹ ਭਵਿੱਖ ’ਚ ਦੇਸ਼ ਲਈ ਹੋਰ ਵੱਡੇ ਪੱਧਰ ’ਤੇ ਖੇਡ ਕੇ ਮੈਡਲ ਜਿੱਤਣਾ ਚਾਹੁੰਦਾ ਹੈ।
ਮੂਸਾ ਨੇ ਕਿਹਾ, ‘ਐਮਐਸਜੀ ਭਾਰਤੀ ਖੇਲ ਗਾਓਂ ਵਿਖੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ। ਇੱਥੋਂ ਦਾ ਮਾਹੌਲ ਬੇਹੱਦ ਵਧੀਆ, ਸਕਾਰਾਤਮਕ ਤੇ ਖਿਡਾਰੀਆਂ ਲਈ ਪ੍ਰੇਰਣਾਦਾਇਕ ਹੈ। ਪ੍ਰਬੰਧ ਬਹੁਤ ਹੀ ਸੁਚੱਜੇ ਹਨ ਤੇ ਹਰ ਖਿਡਾਰੀ ਨੂੰ ਪੂਰਾ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਮੂਸਾ ਨੇ ਕਿਹਾ ਕਿ ਜਿਹੜਾ ਇਹ ਜੋ ਸਵੀਮਿੰਗ ਪੂਲ ਆਧੁਨਿਕ ਤਕਨਾਲੋਜੀ ਤੇ ਸੈਂਸਰਾਂ ਨਾਲ ਬਣਿਆ ਹੋਇਆ ਹੈ, ਇਸ ਨਾਲ ਬਹਤੁ ਸਹੀ ਨਤੀਜੇ ਆ ਰਹੇ ਹਨ ਕਿਉਂਕਿ ਕਈ ਵਾਰ ਬੱਚੇ ਇਸ ਤਕਨੀਕ ਤੋਂ ਬਿਨ੍ਹਾਂ ਅਕਸਰ ਛੋਟੇ ਜਿਹੇ ਪੁਆਂਇੰਟ ਕਰਕੇ ਆਪਣਾ ਸਥਾਨ ਗੁਆ ਦਿੰਦੇ ਹਨ। ਆਧੁਨਿਕ ਸਿਖਲਾਈ, ਫਿਟਨੈਸ, ਵਿਗਿਆਨਕ ਅਭਿਆਸ ਤੇ ਖਿਡਾਰੀਆਂ ਦੀ ਵੱਧਦੀ ਦਿਲਚਸਪੀ ਕਾਰਨ ਭਵਿੱਖ ’ਚ ਭਾਰਤ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ।

ਮਾਪਿਆਂ ਨੇ ਕੀਤੀ ਭਰਪੂਰ ਸ਼ਲਾਘਾ | Swimming Championship 2026
ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਨਾਲ ਆਏ ਉਨ੍ਹਾਂ ਦੇ ਮਾਪਿਆਂ ਨੇ ਵੀ ਐਮਐਸਜੀ ਭਾਰਤੀ ਖੇਲ ਗਾਓਂ ’ਚ ਕੀਤੇ ਗਏ ਪ੍ਰਬੰਧਾਂ ਤੇ ਉਪਲੱਬਧ ਕਰਵਾਈਆਂ ਸਹੂਲਤਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਗੁਰੂਗ੍ਰਾਮ ਤੋਂ ਆਪਣੇ ਅੰਡਰ-11 ਉਮਰ ਵਰਗ ਦੇ ਪੁੱਤਰ ਕਿਆਨ ਕਾਰਜੀ ਨਾਲ ਪੁੱਜੀ ਉਸ ਦੀ ਮਾਤਾ ਹਿਨਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜ਼ਿਲ੍ਹਾ ਪੱਧਰ ਦੇ ਕਈ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਹੈ ਤੇ ਦਿੱਲੀ ’ਚ ਵੀ ਕਈ ਵਾਰ ਤੈਰਾਕੀ ਮੁਕਾਬਲੇ ਖੇਡ ਚੁੱਕਾ ਹੈ। ਉਨ੍ਹਾਂ ਕਿਹਾ, ‘ਅਸੀਂ ਦਿੱਲੀ ਦੇ ਘੱਟੋ-ਘੱਟ 10 ਸਵੀਮਿੰਗ ਪੂਲਾਂ ’ਚ ਗਏ ਹਾਂ, ਪਰ ਜਿਹੜੀਆਂ ਸਹੂਲਤਾਂ ਤੇ ਪ੍ਰਬੰਧ ਇੱਥੇ ਵੇਖਣ ਨੂੰ ਮਿਲੇ ਹਨ, ਉਹ ਹੋਰ ਕਿਤੇ ਨਹੀਂ ਮਿਲੇ।
ਕਈ ਥਾਵਾਂ ’ਤੇ ਸਵੀਮਿੰਗ ਪੂਲ ਦਾ ਪਾਣੀ ਵੀ ਸਹੀ ਨਹੀਂ ਸੀ, ਪਰ ਇੱਥੇ ਐਮਐਸਜੀ ਖੇਲ ਗਾਓਂ ’ਚ ਹਰ ਪੱਖ ਦਾ ਖਾਸ ਧਿਆਨ ਰੱਖਿਆ ਗਿਆ ਹੈ। ਸਾਫ਼-ਸਫਾਈ ਵਾਲਾ ਮਾਹੌਲ, ਉੱਚ ਪੱਧਰੀ ਸਹੂਲਤਾਂ ਤੇ ਖਿਡਾਰੀਆਂ ਲਈ ਕੀਤੇ ਗਏ ਪ੍ਰਬੰਧ ਬੇਹੱਦ ਪ੍ਰਭਾਵਿਤ ਕਰਨ ਵਾਲੇ ਹਨ।”ਹਿਨਾ ਨੇ ਕਿਹਾ ਕਿ, ‘ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਹਰ ਬੱਚੇ ਨੂੰ ਵਿਅਕਤੀਗਤ ਤੌਰ ’ਤੇ ਪੂਰਾ ਧਿਆਨ ਤੇ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਕਾਰਨ ਬੱਚੇ ਨਾ ਸਿਰਫ਼ ਆਤਮ-ਵਿਸ਼ਵਾਸ ਨਾਲ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਹਨ। ਅਜਿਹਾ ਸੁਚੱਜਾ ਤੇ ਖਿਡਾਰੀ-ਪੱਖੀ ਪ੍ਰਬੰਧ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ।
