Punjab
Malout News: ਮਲੋਟ ਦੇ ਸਰਕਾਰੀ ਹਸਪਤਾਲ ’ਚ ਛੱਤ ਦਾ ਮਲਬਾ ਡਿੱਗਣ ਨਾਲ ਡਾਕਟਰ ਤੇ ਮਰੀਜ਼ ਜ਼ਖ਼ਮੀ
ਰੋਜ਼ਾਨਾਂ ਦੀ ਤਰ੍ਹਾਂ ਡਾਕਟਰ ਮਰੀਜ਼ਾਂ ਦਾ ਕਰ ਰਹੇ ਸੀ ਚੈਕਅੱਪ
Malout News: ਮਲੋਟ (ਮਨੋਜ)। ਮਲੋਟ ਦੇ ਸਰਕਾਰੀ ਹਸਪਤਾਲ ’ਚ ਸ਼ਨਿੱਚਰਵਾਰ ਨੂੰ ਇੱਕ ਘਟਨਾ ਵਾਪਰੀ, ਜਦੋਂ ਮਰੀਜ਼ਾਂ ਦੀ ਜਾਂਚ ਕਰ ਰਹੇ ਡਾਕਟਰ ਤੇ ਇੱਕ ਮਰੀਜ਼ ’ਤੇ ਅਚਾਨਕ ਛੱਤ ਦਾ ਮਲਬਾ ਡਿੱਗ ਪਿਆ। ਇਸ ਹਾਦਸੇ ’ਚ ਡਾ. ਵਿਕਾਸ ਕੁਮਾਰ ਤੇ ਮਰੀਜ਼ ਭਗਵਾਨ ਦਾਸ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਜਦੋਂ ਇੱਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮਲੋਟ ’ਚ ਇੱਕ ਪਾਸੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰ ਰਹੇ ਸਨ, ਦੂਜੇ ਪਾਸੇ ਸਰਕਾਰੀ ਹਸਪਤਾਲ ’ਚ ਇਹ ਹਾਦਸਾ ਵਾਪਰ ਗਿਆ। ਡਾ. ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਸਰਕਾਰੀ ਹਸਪਤਾਲ ਮਲੋਟ ’ਚ ਸੇਵਾਵਾਂ ਨਿਭਾ ਰਹੇ ਹਨ। ਸ਼ਨਿੱਚਰਵਾਰ ਸਵੇਰੇ ਕਰੀਬ ਸਾਢੇ 11 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ।
ਅਚਾਨਕ ਕਮਰੇ ਦੀ ਛੱਤ ਤੋਂ ਮਲਬਾ ਡਿੱਗ ਪਿਆ। ਇਸ ਦੌਰਾਨ ਪਟੇਲ ਨਗਰ ਨਿਵਾਸੀ ਮਰੀਜ਼ ਭਗਵਾਨ ਦਾਸ ਦੇ ਸਿਰ ਤੇ ਹੱਥ ’ਤੇ ਸੱਟਾਂ ਲੱਗੀਆਂ, ਜਦਕਿ ਉਹ ਵੀ ਜ਼ਖ਼ਮੀ ਹੋ ਗਏ। ਡਾ. ਵਿਕਾਸ ਕੁਮਾਰ ਨੇ ਕਿਹਾ ਕਿ ਹਸਪਤਾਲ ਦੀ ਇਮਾਰਤ ਦੀ ਖਸਤਾ ਹਾਲਤ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਮਾਰਤ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਭਵਿੱਖ ’ਚ ਇਸ ਤੋਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੋਂ ਇਸ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਲੈ ਕੇ ਜਾਂਚ ਕਰਵਾਉਣਗੇ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਸੁਨੀਲ ਬਾਂਸਲ ਤੇ ਸਿਵਲ ਸਰਜਨ ਵੀ ਮੌਜ਼ੂਦ ਸਨ। Malout News