Punjab
Abohar News: ਨਹਿਰੀ ਖਾਲ ’ਚ ਪਾੜ੍ਹ ਪੈਣ ਨਾਲ 50 ਏਕੜ ਫ਼ਸਲ ਪਾਣੀ ’ਚ ਡੁੱਬੀ
ਤੇਜ਼ ਮੀਂਹ ਤੇ ਹਨੇਰੀ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ
ਅਬੋਹਰ (ਸੱਚ ਕਹੂੰ ਨਿਊਜ਼/ਹਿੰ.ਸ.)। ਅਬੋਹਰ ’ਚ ਤੇਜ਼ ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿੰਡ ਕਿੱਕਰ ਖੇੜਾ ਨੇੜੇ ਮਲੂਕਪੁਰਾ ਨਹਿਰੀ ਖਾਲ ’ਚ ਕਰੀਬ 60 ਫੁੱਟ ਲੰਬਾ ਪਾੜ੍ਹ ਪੈਣ ਕਾਰਨ ਆਲੇ-ਦੁਆਲੇ ਦੇ ਖੇਤਾਂ ’ਚ ਪਾਣੀ ਭਰ ਗਿਆ। ਇਸ ਕਾਰਨ ਲਗਭਗ 50 ਏਕੜ ਖੇਤੀਬਾੜੀ ਵਾਲੀ ਜ਼ਮੀਨ ਪਾਣੀ ’ਚ ਡੁੱਬ ਗਈ ਹੈ ਤੇ ਝੋਨੇ ਸਮੇਤ ਹੋਰ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਜਾਣਕਾਰੀ ਅਨੁਸਾਰ ਤੇਜ਼ ਹਨੇਰੀ ਦੌਰਾਨ ਨਹਿਰੀ ਖਾਲ ਦੇ ਕਿਨਾਰੇ ਖੜ੍ਹਾ ਇੱਕ ਦਰੱਖਤ ਡਿੱਗ ਗਿਆ, ਜਿਸ ਕਾਰਨ ਨਹਿਰ ਦਾ ਕਿਨਾਰਾ ਟੁੱਟ ਗਿਆ। ਨਹਿਰੀ ਖਾਲ ਦਾ ਪਾਣੀ ਤੇਜ਼ੀ ਨਾਲ ਨਿਕਲ ਕੇ ਨੇੜਲੇ ਖੇਤਾਂ ’ਚ ਫੈਲ ਗਿਆ ਤੇ ਕੁਝ ਹੀ ਸਮੇਂ ’ਚ ਵੱਡਾ ਰਕਬਾ ਪਾਣੀ ਹੇਠ ਆ ਗਿਆ।
Read Also : Bhakra Dam Water Level: ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਵਧੀ, ਜਲ ਪੱਧਰ 1574.92 ਫੁੱਟ ਤੱਕ ਪਹੁੰਚਿਆ
ਪ੍ਰਭਾਵਿਤ ਕਿਸਾਨਾਂ ਪਾਲ ਸਿੰਘ, ਰਾਜਾ ਰਾਮ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਨਹਿਰ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਤੁਰੰਤ ਗਿਰਦਾਵਰੀ ਰਾਹੀਂ ਮੁਲਾਂਕਣ ਕਰਵਾਇਆ ਜਾਵੇ ਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਨਹਿਰ ਵਿਭਾਗ ਦੇ ਉਪ ਮੰਡਲ ਅਧਿਕਾਰੀ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਖਰਾਬ ਮੌਸਮ ਤੇ ਤੇਜ਼ ਹਵਾਵਾਂ ਕਾਰਨ ਨਹਿਰੀ ਖਾਲ ਵਿੱਚ ਤਰੇੜ ਆਈ ਹੈ। ਵਿਭਾਗ ਦੀ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਹੈ ਤੇ ਨਹਿਰੀ ਖਾਲ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਸਕੇ ਤੇ ਹੋਰ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। Abohar News
About The Author