Punjab
Bhakra Dam Water Level: ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਵਧੀ, ਜਲ ਪੱਧਰ 1574.92 ਫੁੱਟ ਤੱਕ ਪਹੁੰਚਿਆ
ਨੰਗਲ ਹਾਈਡਲ ਨਹਿਰ ਰਾਹੀਂ ਬੀਬੀਐਮਬੀ ਦੇ ਸਹਿਯੋਗੀ ਰਾਜਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ
ਨੰਗਲ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰੀ ਮੀਂਹ ਤੋਂ ਬਾਅਦ ਭਾਖੜਾ ਡੈਮ (Bhakra Dam) ਵਿੱਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ। ਸ਼ਨਿੱਚਵਾਰ ਸਵੇਰੇ ਕਰੀਬ 6 ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦਾ ਜਲ ਪੱਧਰ 1574.92 ਫੁੱਟ ਰਿਕਾਰਡ ਕੀਤਾ ਗਿਆ। ਅਧਿਕਾਰਤ ਜਾਣਕਾਰੀ ਮੁਤਾਬਕ, ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ (ਇਨਫਲੋ) 54,302 ਕਿਊਸਿਕ ਦਰਜ ਕੀਤੀ ਗਈ, ਜਦਕਿ ਡੈਮ ਦੀਆਂ ਟਰਬਾਈਨਾਂ ਰਾਹੀਂ 24,250 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨੰਗਲ ਡੈਮ ਤੋਂ ਅਨੰਦਪੁਰ ਹਾਈਡਲ ਨਹਿਰ ’ਚ 10,150 ਕਿਊਸਿਕ ਤੇ ਨੰਗਲ ਹਾਈਡਲ ਨਹਿਰ ’ਚ 12,350 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
Read Also : ਮੇਰੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਤਾਂ ਈਰਾਨ ਨੂੰ ਦਿੱਤਾ ਜਾਵੇਗਾ ਢੁਕਵਾਂ ਜਵਾਬ : Trump
ਨੰਗਲ ਹਾਈਡਲ ਨਹਿਰ ਰਾਹੀਂ ਬੀਬੀਐਮਬੀ ਦੇ ਸਹਿਯੋਗੀ ਸੂਬਿਆਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਨੰਗਲ ਡੈਮ ਤੋਂ 1,500 ਕਿਊਸਿਕ ਪਾਣੀ ਸਤਲੁਜ ਦਰਿਆ ’ਚ ਵੀ ਛੱਡਿਆ ਜਾ ਰਿਹਾ ਹੈ, ਤਾਂ ਜੋ ਦਰਿਆ ਦੇ ਵਹਾਅ ਨੂੰ ਸੰਤੁਲਿਤ ਰੱਖਿਆ ਜਾ ਸਕੇ। ਮੌਜ਼ੂਦਾ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਡੈਮ ’ਚ ਪਾਣੀ ਦੀ ਆਮਦ ਨਿਕਾਸ ਨਾਲੋਂ ਕਾਫ਼ੀ ਜ਼ਿਆਦਾ ਹੈ। ਇਸ ਕਾਰਨ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ। ਪ੍ਰਸ਼ਾਸਨ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਲੋੜ ਪੈਣ ’ਤੇ ਪਾਣੀ ਦੀ ਨਿਕਾਸੀ ਸਬੰਧੀ ਫੈਸਲੇ ਹਾਲਾਤਾਂ ਅਨੁਸਾਰ ਲਏ ਜਾਣਗੇ।
About The Author