Canada News: ਕੈਨੇਡਾ ਦੀ ਲਸ਼ੀਨ ਨਹਿਰ ’ਚ ਡੁੱਬਣ ਨਾਲ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ
ਕੈਨੇਡਾ ਦੇ ਮਾਂਟਰੀਅਲ ਸ਼ਹਿਰ ’ਚ ਵਾਪਰਿਆ ਹਾਦਸਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੀ ਲਸ਼ੀਨ ਨਹਿਰ ’ਚ ਡੁੱਬਣ ਕਾਰਨ ਪੰਜਾਬ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾਂ ਲਵਪ੍ਰੀਤ ਸਿੰਘ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਟਾਲਾ (ਨੌਰੰਗਪੁਰ) ਦੇ ਇੱਕ ਨੌਜਵਾਨ ਵਜੋਂ ਹੋਈ ਹੈ। ਇਸ ਘਟਨਾ ਨਾਲ ਦੋਵਾਂ ਪਰਿਵਾਰਾਂ ’ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਦੋਸਤ ਮਾਂਟਰੀਅਲ ਦੀ ਲਸ਼ੀਨ ਨਹਿਰ ਕਿਨਾਰੇ ਮੌਜ਼ੂਦ ਸਨ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਅੰਮ੍ਰਿਤਸਰ ਦੇ ਨੌਜਵਾਨ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ’ਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਲਵਪ੍ਰੀਤ ਸਿੰਘ ਵੀ ਪਾਣੀ ’ਚ ਛਾਲ ਮਾਰ ਗਿਆ।
ਇਹ ਖਬਰ ਵੀ ਪੜ੍ਹੋ : Patiala News: ਬਾਰਿਸ਼ ਦੌਰਾਨ ਹੋਏ ਸੜਕ ਨਿਰਮਾਣ ਦੇ ਕੰਮ ਦੀ ਨਹੀਂ ਹੋਵੇਗੀ ਅਦਾਇਗੀ, ਸੜਕ ਮੁੜ ਬਣਾਉਣ ਦੇ ਹੁਕਮ: ਪੀਡੀਏ
ਪਰ ਡੂੰਘੇ ਪਾਣੀ ਤੇ ਤੇਜ਼ ਵਹਾਅ ਕਾਰਨ ਦੋਵੇਂ ਨੌਜਵਾਨ ਡੁੱਬ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂਟਰੀਅਲ ਫਾਇਰ ਡਿਪਾਰਟਮੈਂਟ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਵਪ੍ਰੀਤ ਸਿੰਘ ਦੇ ਪਿਤਾ ਬਲਵੀਰ ਸਿੰਘ, ਜੋ ਕਿ ਸਾਬਕਾ ਫੌਜੀ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ’ਤੇ ਕੈਨੇਡਾ ਗਿਆ ਸੀ। ਉਹ ਉੱਥੇ ਇੱਕ ਕੰਪਨੀ ’ਚ ਟਰਾਲਾ ਚਾਲਕ ਵਜੋਂ ਕੰਮ ਕਰ ਰਿਹਾ ਸੀ। Canada News
ਪਰਿਵਾਰ ਨੇ ਉਸ ਦੇ ਚੰਗੇ ਭਵਿੱਖ ਲਈ ਆਪਣੀ ਦੋ ਏਕੜ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਨੇ ਦੱਸਿਆ ਕਿ ਲਵਪ੍ਰੀਤ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਤੇ ਕਰੀਬ 10 ਦਿਨ ਪਹਿਲਾਂ ਹੀ ਉਸ ਦੀ ਪਰਿਵਾਰ ਨਾਲ ਫ਼ੋਨ ’ਤੇ ਗੱਲਬਾਤ ਹੋਈ ਸੀ। ਹੁਣ ਉਸ ਦੀ ਅਚਾਨਕ ਮੌਤ ਨਾਲ ਮਾਪਿਆਂ ਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਵਪ੍ਰੀਤ ਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਸਮਾਜ ਸੇਵੀਆਂ ਤੇ ਵਿਦੇਸ਼ਾਂ ’ਚ ਰਹਿੰਦੇ ਐਨਆਰਆਈ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਮ੍ਰਿਤਕ ਸਰੀਰ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਪ੍ਰਸ਼ਾਸਨਿਕ ਤੇ ਆਰਥਿਕ ਮਦਦ ਦਿੱਤੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸਸਕਾਰ ਧਾਰਮਿਕ ਰਸਮਾਂ ਅਨੁਸਾਰ ਕੀਤਾ ਜਾ ਸਕੇ। Canada News