Sangrur News: ਸੱਤਾਧਿਰ ਵੱਲੋਂ ਸੰਗਰੂਰ ’ਚ ਵਿਕਾਸ ਦੇ ਦਾਅਵੇ, ਵਿਰੋਧੀਆਂ ਨਕਾਰੇ
‘ਆਪ’ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕੰਮ ਕਰਵਾਏ : ਨਰਿੰਦਰ ਕੌਰ ਭਰਾਜ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਨਿੱਜੀ (ਰਿਹਾਇਸ਼ੀ) ਹਲਕਾ ਸੰਗਰੂਰ ਜਿਸ ਦੇ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਹਨ। ਪਿਛਲੇ ਸਾਢੇ ਚਾਰ ਸਾਲਾਂ ਤੋਂ ਵਿਕਾਸ ਕਾਰਜਾਂ ਦੀ ਤੇਸੀ-ਕਰੰਡੀ ਖੜਕਦੀ ਰਹੀ ਹੈ।
ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਗਰੂਰ ਵਿਧਾਨ ਸਭਾ ਹਲਕੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਜਿੰਨੇ ਰਿਕਾਰਡਤੋੜ ਕੰਮ ਹੋਏ ਹਨ, ਉਹ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਏ । ਦੂਜੇ ਪਾਸੇ ਵਿਰੋਧੀ ਸਰਕਾਰ ਦੇ ਇਨ੍ਹਾਂ ਦਾਅਵਿਆਂ ਨੂੰ ਝੁਠਲਾ ਕੇ ਇਹ ਦਾਅਵਾ ਕਰ ਰਹੇ ਹਨ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਸਿਰਫ਼ ਐਲਾਨ ਹੋਏ ਹਨ, ਧਰਤੀ ’ਤੇ ਕੋਈ ਕੰਮ ਨਹੀਂ ਹੋਇਆ।
Read Also : ਡੇਰਾ ਸ਼ਰਧਾਲੂਆਂ ਨੇ ਜ਼ੇਰੇ-ਇਲਾਜ ਵਿਅਕਤੀ ਦੀ ਕੀਤੀ ਆਰਥਿਕ ਮੱਦਦ
ਪਿਛਲੇ ਸਾਢੇ ਚਾਰ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਹੋਏ ਵਿਕਾਸ ਕੰਮਾਂ ਸਬੰਧੀ ‘ਸੱਚ ਕਹੂੰ’ ਨਾਲ ਵਿਸ਼ੇਸ਼ ਚਰਚਾ ਕਰਦਿਆਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨਾ ਵਿਕਾਸ ਹਲਕਾ ਸੰਗਰੂਰ ਵਿੱਚ ਕੀਤਾ ਹੈ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਕੰਮ ਸਰਕਾਰ ਵੱਲੋਂ ਸੰਗਰੂਰ ਦੇ ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਲਾਉਣਾ ਹੈ।
ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ 80 ਤੋਂ 90 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਹੋ ਗਿਆ ਹੈ। ਜਿਹੜੇ ਪਿੰਡਾਂ ਵਿੱਚ ਹਾਲੇ ਨਹਿਰੀ ਪਾਣੀ ਨਹੀਂ ਪਹੁੰਚਿਆ, ਉੱਥੇ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ। ਛੇਤੀ ਹੀ ਸੰਗਰੂਰ ਹਲਕਾ ਸੌ ਫੀਸਦੀ ਨਹਿਰੀ ਪਾਣੀ ਲੱਗਣ ਵਾਲਾ ਹਲਕਾ ਬਣ ਜਾਵੇਗਾ। ਬੀਬੀ ਭਰਾਜ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦਾ ਛੇਤੀ ਹੀ ਹੱਲ ਹੋਣ ਵਾਲਾ ਹੈ। ਇਸ ਲਈ ਸਰਕਾਰ ਵੱਲੋਂ 20 ਕਰੋੜ ਦੀ ਲਾਗਤ ਨਾਲ ਸੀਵਰੇਜ਼ ਟ੍ਰੀਟਮੈਂਟ ਪਲਾਂਟ ਤਿਆਰ ਕਰਵਾਇਆ ਗਿਆ ਹੈ।
ਸੰਗਰੂਰ ਸ਼ਹਿਰ ਵਿੱਚ 10 ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਅਤੇ 12 ਹੋਰ ਤਿਆਰ ਹੋ ਰਹੇ ਹਨ। ਸਕੂਲ ਆਫ਼ ਐਮੀਨੈਂਸ ਤਿਆਰ ਕਰਵਾਇਆ ਗਿਆ ਹੈ। ਸੰਗਰੂਰ ਵਿੱਚ ਦੋ ਹਾਈਟੈੱਕ ਲਾਏਬਰੇਰੀਆਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਅੱਧੀ ਦਰਜ਼ਨ ਤੋਂ ਜ਼ਿਆਦਾ ਡਿਜ਼ੀਟਲ ਲਾਇਬਰੇਰੀਆਂ ਚੰਨੋ, ਬਟੜਿਆਣਾ, ਅਕੋਈ ਸਾਹਿਬ, ਕਾਲਾ ਝਾੜ, ਫਤਹਿਗੜ੍ਹ ਛੰਨਾ, ਭੜੋਂ, ਬਾਲੀਆਂ ਤੇ ਮਾਝੀ ਪਿੰਡ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਵਿੱਚ ਨਵਾਂ ਫਾਇਰ ਸਟੇਸ਼ਨ ਚਾਲੂ ਕੀਤਾ ਗਿਆ ਹੈ ਅਤੇ ਸ਼ਹਿਰ ਵਿੱਚ 2 ਖੂੁਬਸੂਰਤ ਪਾਰਕ ਬਣਾਏ ਗਏ ਹਨ। ਸੰਗਰੂਰ ਵਿਖੇ ਵੀ ਬਨਾਸਰ ਬਾਗ ਅਤੇ ਬੀਐੱਸਐੱਨਐੱਲ ਪਾਰਕ ਨੂੰ ਨਵਿਆਉਣ ਦਾ ਕੰਮ ਆਰੰਭ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਸੰਗਰੂਰ ਦੇ ਲਗਭਗ ਸਾਰੇ ਵਾਰਡਾਂ ਦੀਆਂ ਗਲੀਆਂ, ਨਾਲੀਆਂ ਦੇ ਕੰਮ ਦੇ ਐਸਟੀਮੇਟ ਹੋ ਚੁੱਕੇ ਹਨ ਅਤੇ ਬਹੁਤ ਛੇਤੀ ਸਾਰੇ ਵਾਰਡਾਂ ਵਿੱਚ ਜੰਗੀ ਪੱਧਰ ’ਤੇ ਕੰਮ ਆਰੰਭ ਹੋਣਗੇ।
ਮੈਡੀਕਲ ਕਾਲਜ ਸਿਰਫ਼ ਐਲਾਨਾਂ ’ਚ ਬਣਿਆ : ਸਰਜੀਵਨ ਜਿੰਦਲ

ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਗਰੂਰ ਵਿੱਚ ਡੱਕਾ ਵੀ ਦੂਹਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਤੋਂ ਸੰਗਰੂਰ ਵਿੱਚ ਮੈਡੀਕਲ ਕਾਲਜ ਬਣਾਉਣ ਦੇ ਐਲਾਨ ਹੁੰਦੇ ਰਹੇ , ਪਰ ਇਹ ਮੈਡੀਕਲ ਕਾਲਜ ਧਰਤੀ ’ਤੇ ਨਹੀਂ ਉਤਰਿਆ।
ਹਲਕੇ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ : ਰੌਕੀ ਬਾਂਸਲ

ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਰੌਕੀ ਬਾਂਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਗਰੂਰ ਦੇ ਲੋਕਾਂ ਨੂੰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ। ਅੱਜ ਸੰਗਰੂਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਲੋਕਾਂ ਨੂੰ ਸਾਫ਼ ਪੀਣਯੋਗ ਪਾਣੀ ਨਹੀਂ ਮਿਲ ਰਿਹਾ। ਨਗਰ ਕੌਂਸਲ ਆਪਣੀ ਹੋਣ ਦੇ ਬਾਵਜੂਦ ਸ਼ਹਿਰੀਆਂ ਨੂੰ ਸਰਕਾਰ ਵੱਲੋਂ ਰੱਤੀ ਭਰ ਵੀ ਸਹੂਲਤ ਨਹੀਂ ਦਿੱਤੀ ਗਈ।
ਆਪ ਸਰਕਾਰ ਨੇ ਸੰਗਰੂਰ ਹਲਕੇ ਦਾ ਕੁਝ ਨਹੀਂ ਸੰਵਾਰਿਆ : ਦੁੱਲਟ

ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਧਰਮਿੰਦਰ ਸਿੰਘ ਦੁੱਲਟ ਨੇ ਕਿਹਾ ਕਿ ਹਲਕਾ ਸੰਗਰੂਰ ਦੇ ਲੋਕਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਉਨ੍ਹਾਂ ਦੇ ਹਲਕੇ ਨਾਲ ਸਬੰਧਿਤ ਹਨ ਪਰ ਇਸ ਦੇ ਬਾਵਜੂਦ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਹਲਕੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ। ਅੱਜ ਸੰਗਰੂਰ ਦੇ ਲੋਕ ਵਿਕਾਸ ਨੂੰ ਤਰਸ ਰਹੇ ਹਨ, ਇਨ੍ਹਾਂ ਦੇ ਲੀਡਰਾਂ ਨੇ ਮਹਿਜ ਸਾਢੇ ਚਾਰ ਸਾਲਾਂ ਵਿੱਚ ਸਿਰਫ਼ ਫੋਕੇ ਐਲਾਨ ਹੀ ਕੀਤੇ ਹਨ।