Punjab
PRTC Strike: ਪੰਜਾਬ ’ਚ ਇਸ ਦਿਨ ਸਰਕਾਰੀ ਬੱਸਾਂ ਦੀ ਹੜਤਾਲ ਦਾ ਐਲਾਨ, ਪੜ੍ਹੋ ਤੇ ਜਾਣੋ
ਪੰਜਾਬ ’ਚ 3 ਤੋਂ 5 ਅਗਸਤ ਤੱਕ ਹੋਇਆ ਸਰਕਾਰੀ ਬੱਸਾਂ ਦੀ ਹੜਤਾਲ ਦਾ ਐਲਾਨ
PRTC Strike: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਸਰਕਾਰ ਦੇ 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਦੌਰਾਨ ਸੂਬੇ ਦੇ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਹੜਤਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕਰਦਿਆਂ 3 ਤੋਂ 5 ਅਗਸਤ ਤੱਕ ਤਿੰਨ ਦਿਨਾਂ ਦੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ 3 ਤੋਂ 5 ਅਗਸਤ ਤੱਕ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 27 ਜੁਲਾਈ ਨੂੰ ਸਾਰੇ ਜ਼ਿਲ੍ਹਾ ਡਿਪੂਆਂ ’ਤੇ ਗੇਟ ਰੈਲੀਆਂ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਜਾਵੇਗਾ। PRTC Strike
Read Also : Middle East News: ਈਰਾਨ ’ਤੇ ਸਭ ਤੋਂ ਵੱਡੇ ਹਮਲੇ ਤੋਂ ਪਿੱਛੇ ਹਟੇ ਟਰੰਪ, ਫੌਜ ਨੂੰ ਕਾਰਵਾਈ ਰੋਕਣ ਦਾ ਆਦੇਸ਼
ਯੂਨੀਅਨ ਐਲਾਨ ਮੁਤਾਬਕ ਹੜਤਾਲ ਦੌਰਾਨ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ ਕੁੱਲ 2,267 ਸਰਕਾਰੀ ਬੱਸਾਂ ਪ੍ਰਭਾਵਿਤ ਹੋਣਗੀਆਂ, ਜੋ ਸੂਬੇ ਅੰਦਰ ਤੇ ਅੰਤਰਰਾਜੀ ਮਿਲਾ ਕੇ 1,100 ਤੋਂ ਵੱਧ ਮੁੱਖ ਰੂਟਾਂ ’ਤੇ ਸੇਵਾਵਾਂ ਦਿੰਦੀਆਂ ਹਨ। ਪਨਬੱਸ ਦੀਆਂ ਬੱਸਾਂ ਰੋਜ਼ਾਨਾ ਕਰੀਬ 4 ਲੱਖ ਕਿਲੋਮੀਟਰ ਤੇ ਪੀਆਰਟੀਸੀ ਦੀਆਂ ਬੱਸਾਂ ਲਗਭਗ 3.5 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਇਸ ਤਰ੍ਹਾਂ ਹਰ ਰੋਜ਼ ਕੁੱਲ 7.5 ਲੱਖ ਕਿਲੋਮੀਟਰ ਤੋਂ ਵੱਧ ਦੀ ਬੱਸ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਮੌਜੂਦਾ ਸਮੇਂ ਪੰਜਾਬ ਰੋਡਵੇਜ਼ ਤੇ ਪਨਬੱਸ ਦੇ 18 ਮੁੱਖ ਡਿਪੂ ਹਨ, ਜਦਕਿ ਪੀਆਰਟੀਸੀ ਦੇ 9 ਡਿਪੂ ਕੰਮ ਕਰ ਰਹੇ ਹਨ। ਇਨ੍ਹਾਂ ’ਚ 7,500 ਤੋਂ ਜ਼ਿਆਦਾ ਕਰਮਚਾਰੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। PRTC Strike
ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ ਯੂਨੀਅਨ ਵੱਲੋਂ ਪੰਜ ਵਾਰ ਚੱਕਾ ਜਾਮ ਜਾਂ ਹੜਤਾਲ ਕੀਤੀ ਜਾ ਚੁੱਕੀ ਹੈ। ਫਰਵਰੀ ਵਿੱਚ ਕੱਚੇ ਕਰਮਚਾਰੀਆਂ ਨੇ ਸੂਬਾ ਪੱਧਰੀ ਚੱਕਾ ਜਾਮ ਕੀਤਾ ਸੀ। 10 ਜੂਨ ਨੂੰ ਕਿਲੋਮੀਟਰ ਸਕੀਮ ਦੇ ਟੈਂਡਰਾਂ ਦੇ ਵਿਰੋਧ ’ਚ ਅਚਾਨਕ ਬੱਸਾਂ ਰੋਕ ਦਿੱਤੀਆਂ ਗਈਆਂ, ਜੋ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਸ਼ਾਮ ਨੂੰ ਵਾਪਸ ਲੈ ਲਈਆਂ ਗਈਆਂ। 24 ਤੋਂ 26 ਜੂਨ ਤੱਕ ਐਲਾਨੀ ਤਿੰਨ ਦਿਨਾਂ ਦੀ ਹੜਤਾਲ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਸੀ। 8 ਜੁਲਾਈ ਨੂੰ ਤਨਖ਼ਾਹ ਵਾਧੇ ਸਬੰਧੀ ਤੇ 15 ਜੁਲਾਈ ਨੂੰ ਇੱਕ ਅਧਿਕਾਰੀ ਦੀ ਬਰਖ਼ਾਸਤਗੀ ਦੇ ਵਿਰੋਧ ’ਚ ਵੀ ਚੱਕਾ ਜਾਮ ਕਰਕੇ ਬੱਸ ਸੇਵਾਵਾਂ ਪ੍ਰਭਾਵਿਤ ਕੀਤੀਆਂ ਗਈਆਂ ਸਨ। ਜੇਕਰ ਸਰਕਾਰ ਤੇ ਯੂਨੀਅਨ ਵਿਚਾਲੇ ਸਮੇਂ ਸਿਰ ਸਹਿਮਤੀ ਨਾ ਬਣੀ ਤਾਂ 3 ਤੋਂ 5 ਅਗਸਤ ਤੱਕ ਹਜ਼ਾਰਾਂ ਯਾਤਰੀਆਂ ਨੂੰ ਸਰਕਾਰੀ ਬੱਸ ਸੇਵਾਵਾਂ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।