Faridkot News: ਡਿਊਟੀ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਸਬ ਇੰਸਪੈਕਟਰ ਸ਼ਹੀਦ
ਰਾਜਕੀ ਸਨਮਾਨ ਨਾਲ ਕੀਤਾ ਅੰਤਿਮ
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਭਾਰਤ-ਬੰਗਲਾਦੇਸ਼ ਸਰਹੱਦ ’ਤੇ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਖੇ ਡਿਊਟੀ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ਹੀਦ ਹੋਏ ਬੀਐੱਸਐੱਫ ਦੇ ਸਬ ਇੰਸਪੈਕਟਰ ਬਲਬੀਰ ਸਿੰਘ ਦਾ ਅੱਜ ਕੋਟਕਪੂਰਾ ਦੇ ਸ਼ਾਂਤੀ ਵਨ ਸ਼ਮਸ਼ਾਨਘਾਟ ਵਿਖੇ ਪੂਰੇ ਰਾਜਕੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਇਲਾਕੇ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਬਲਬੀਰ ਸਿੰਘ ਪਿਛਲੇ ਕਰੀਬ 37 ਸਾਲਾਂ ਤੋਂ ਬਾਰਡਰ ਸੁਰੱਖਿਆ ਬਲ (ਬੀਐੱਸਐੱਫ) ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ ਮੂਲ ਰੂਪ ’ਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ ਦੇ ਵਸਨੀਕ ਸਨ। ਦੋ ਦਿਨ ਪਹਿਲਾਂ ਉਹ ਸਿਲੀਗੁੜੀ ਵਿਖੇ ਸਰਹੱਦੀ ਚੌਕੀ ’ਤੇ ਡਿਊਟੀ ਕਰ ਰਹੇ ਸਨ। Faridkot News
ਇਸ ਦੌਰਾਨ ਅਚਾਨਕ ਮੌਸਮ ਖ਼ਰਾਬ ਹੋ ਗਿਆ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਉਹ ਸ਼ਹੀਦ ਹੋ ਗਏ। ਸ਼ਾਂਤੀ ਵਨ ’ਚ ਹੋਏ ਅੰਤਿਮ ਸਸਕਾਰ ਦੌਰਾਨ ਸਲਾਮੀ ਦਿੱਤੀ ਤੇ ਪੂਰੇ ਰਾਜਕੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਖੇਤਰ ਦੀਆਂ ਕਈ ਮੁੱਖ ਸ਼ਖ਼ਸੀਅਤਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬੀਐੱਸਐੱਫ ਦੇ ਕਮਾਂਡੈਂਟ ਅਭਿਤਾਬ ਵਾਜਪੇਈ ਨੇ ਕਿਹਾ ਕਿ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਡਿਊਟੀ ਦੌਰਾਨ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ ਹੈ। ਉਨ੍ਹਾਂ ਦੀ ਦੇਸ਼ਭਗਤੀ, ਫ਼ਰਜ਼ ਪ੍ਰਤੀ ਨਿਸ਼ਠਾ ਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਸ਼ਹੀਦ ਸਬ ਇੰਸਪੈਕਟਰ ਬਲਬੀਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਏ ਹਨ। ਉਨ੍ਹਾਂ ਦੀ ਸ਼ਹਾਦਤ ਨਾਲ ਨਾ ਸਿਰਫ਼ ਪਰਿਵਾਰ, ਨੂੰ ਨਹੀਂ ਸਗੋਂ ਪੂਰੇ ਪੰਜਾਬ ਨੂੰ ਘਾਟਾ ਪਿਆ ਹੈ। Faridkot News