Faridkot News: ਨਿਹਰੀ ਪਾਣੀ ਦੀ ਕਥਿਤ ਚੋਰੀ ਮਾਮਲੇ ’ਚ 43 ਕਿਸਾਨਾਂ ਖਿਲਾਫ਼ ਕੇਸ
ਮ੍ਰਿਤਕਾਂ ਦੇ ਨਾਂਅ ਸ਼ਾਮਲ ਹੋਣ ਦੇ ਦੋਸ਼ਾਂ ਨਾਲ ਵਿਵਾਦ ਗਹਿਰਾਇਆ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ’ਚ ਝੋਨੇ ਦੀ ਫਸਲ ਦੀ ਸਿੰਚਾਈ ਲਈ ਮੋਘੇ ਤੋੜ ਕੇ ਨਿਹਰੀ ਪਾਣੀ ਦੀ ਕਥਿਤ ਚੋਰੀ ਕਰਨ ਦੇ ਦੋਸ਼ ਹੇਠ ਦੋ ਪਿੰਡਾਂ ਦੇ 43 ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਨਾਮਜ਼ਦ ਕੀਤੇ ਗਏ ਵਿਅਕਤੀਆਂ ’ਚੋਂ ਕਰੀਬ 10 ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਹੈ। ਇਸ ਮਾਮਲੇ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਘੇਰਿਆ ਹੈ। ਜਾਣਕਾਰੀ ਅਨੁਸਾਰ ਇਹ ਕੇਸ ਜਲ ਸਰੋਤ ਵਿਭਾਗ ਹਰਿਕੇ ਨਹਿਰ ਮੰਡਲ, ਫਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਨਹਿਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਸੁੱਖਨਵਾਲਾ ਤੇ ਕਿਲਾ ਨੌਂ ਦੇ ਕੁਝ ਲੋਕਾਂ ਨੇ ਮੁਦਕੀ ਡਿਸਟ੍ਰੀਬਿਊਟਰੀ ’ਤੇ ਬਣੇ ਅਧਿਕਾਰਤ ਨਿਹਰੀ ਮੋਘਿਆਂ ਦੇ ਡਿਜ਼ਾਇਨ ਨਾਲ ਵਾਰ-ਵਾਰ ਛੇੜਛਾੜ ਕੀਤੀ।
ਦੋਸ਼ ਹੈ ਕਿ ਇੱਟਾਂ ਹਟਾ ਕੇ ਤੇ ਢਾਂਚੇ ਵਿੱਚ ਤਬਦੀਲੀ ਕਰਕੇ ਨਿਰਧਾਰਿਤ ਮਾਤਰਾ ਤੋਂ ਵੱਧ ਪਾਣੀ ਖੇਤਾਂ ਵੱਲ ਮੋੜਿਆ ਗਿਆ, ਜਿਸ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਅਤੇ ਨਿਯਮਾਂ ਦੀ ਉਲੰਘਣਾ ਹੋਈ। ਇਸ ਦੇ ਆਧਾਰ ’ਤੇ ਪੁਲਿਸ ਨੇ 43 ਕਿਸਾਨਾਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ। ਦੂਜੇ ਪਾਸੇ ਮੰਗਲਵਾਰ ਨੂੰ ਦੋਵੇਂ ਪਿੰਡਾਂ ਦੇ ਕਿਸਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮਿਲੇ। ਇਸ ਮੌਕੇ ਕਿਸਾਨ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਦੀ ਮੌਤ ਨੂੰ ਕਰੀਬ 8 ਸਾਲ ਹੋ ਚੁੱਕੇ ਹਨ, ਫਿਰ ਵੀ ਉਨ੍ਹਾਂ ਦਾ ਨਾਂਅ ਐੱਫਆਈਆਰ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਤਰ੍ਹਾਂ 8-9 ਹੋਰ ਵਿਅਕਤੀਆਂ ਦੇ ਨਾਂਅ ਵੀ ਦਰਜ ਹਨ, ਜਿਨ੍ਹਾਂ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਢੰਗ ਦੀ ਜਾਂਚ ਦੇ ਕੇਸ ਦਰਜ ਕਰਨਾ ਉਨ੍ਹਾਂ ਦਾ ਅਪਮਾਨ ਹੈ ਤੇ ਇੱਕ ਅਧਿਕਾਰੀ ’ਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦਾ ਦੋਸ਼ ਵੀ ਲਾਇਆ।
Read Also : Faridkot News: ਡਿਊਟੀ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਸਬ ਇੰਸਪੈਕਟਰ ਸ਼ਹੀਦ
ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਕਿਸਾਨਾਂ ਦਾ ਪੱਖ ਸੁਣਨ ਤੋਂ ਬਾਅਦ ਸਬੰਧਤ ਐਕਸੀਅਨ ਤੇ ਐੱਸਐੱਸਪੀ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਬੇਕਸੂਰ ਵਿਅਕਤੀ ਖਿਲਾਫ਼ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ। ਉੱਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦਿਆਂ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਕਿ ਪੰਜਾਬ ’ਚ ਕਾਨੂੰਨ ਦਾ ਰਾਜ ਨਹੀਂ, ਸਗੋਂ ਬਦਲੇ ਦੀ ਰਾਜਨੀਤੀ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਰੀਦਕੋਟ ਦੇ ਸੁੱਖਨਵਾਲਾ ਤੇ ਕਿਲਾ ਨੌਂ ਦੇ 43 ਕਿਸਾਨਾਂ ਖਿਲਾਫ਼ ਦਰਜ ਮਾਮਲਿਆਂ ’ਚ ਕਰੀਬ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਵਿਦੇਸ਼ਾਂ ’ਚ ਰਹਿੰਦੇ ਹਨ ਜਾਂ ਆਪਣੀ ਜ਼ਮੀਨ ਸਾਲਾਂ ਪਹਿਲਾਂ ਵੇਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਦਰਸ਼ਾਉਂਦਾ ਹੈ ਕਿ ਜਾਂਚ ਤੋਂ ਵੱਧ ਐੱਫਆਈਆਰ ਦਰਜ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬੇਗੁਨਾਹ ਲੋਕਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।