Punjab
Crime News: ਮੋਹਾਲੀ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ, ਦੋ ਮੁਲਜ਼ਮ ਜਖ਼ਮੀ
ਕਰੀਬ ਦੋਵੇਂ ਪਾਸਿਓਂ 10 ਤੋਂ 15 ਰਾਊਂਡ ਹੋਇਆ ਫਾਇਰਿੰਗ
Crime News: ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਪੁਲਿਸ ਦਾ ਅੱਜ ਨਸ਼ਾ ਤਸਕਰਾਂ ਨਾਲ ਮੁਕਾਬਲਾ ਹੋ ਗਿਆ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਕਰੀਬ 10 ਤੋਂ 15 ਰਾਊਂਡ ਫਾਇਰਿੰਗ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ’ਚ ਦੋ ਮੁਲਜ਼ਮ ਜਸਕਰਨ ਤੇ ਲਖਵਿੰਦਰ ਜ਼ਖ਼ਮੀ ਹੋ ਗਏ, ਜਦਕਿ ਤੀਜੇ ਮੁਲਜ਼ਮ ਗਗਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਇੱਕ ਗੋਲੀ ਐਸਐਚਓ ਦੀ ਗੱਡੀ ਨੂੰ ਵੀ ਲੱਗੀ। ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸਐੱਸਪੀ ਸੰਦੀਪ ਹੰਸ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਨਸ਼ਾ ਤਸਕਰਾਂ ਨੇ ਪੁਲਿਸ ਟੀਮ ’ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ’ਚ ਦੋ ਕਾਂਸਟੇਬਲ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮੋਹਾਲੀ ਦੇ ਇੰਡਸਟਰੀਅਲ ਏਰੀਆ ’ਚ ਲੁਕੇ ਹੋਏ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋ ਗਿਆ। ਐੱਸਐੱਸਪੀ ਸੰਦੀਪ ਹੰਸ ਨੇ ਦੱਸਿਆ ਕਿ ਥਾਣਾ ਸੋਹਾਣਾ ਖੇਤਰ ’ਚ ਨਾਰਕੋਟਿਕਸ ਟੀਮ ਕੁਝ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਕੁਝ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਸੀ, ਪਰ ਇੱਕ ਗੱਡੀ ’ਚ ਸਵਾਰ ਹੋ ਕੇ ਆਏ ਲੋਕਾਂ ਨੇ ਪੁਲਿਸ ਕਾਰਵਾਈ ਦੌਰਾਨ ਫੜੇ ਗਏ ਮੁਲਜ਼ਮਾਂ ਨੂੰ ਛੁਡਾ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਲਗਾਤਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਸਨ। ਐੱਸਐੱਸਪੀ ਮੁਤਾਬਕ ਅੱਜ ਸਵੇਰੇ ਦੋ ਮੁਲਜ਼ਮਾਂ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਗਗਨ, ਜਸਕਰਨ ਤੇ ਲਖਵਿੰਦਰ ਨਾਲ ਪੁਲਿਸ ਦਾ ਮੁਕਾਬਲਾ ਹੋਇਆ। Crime News
Read Also : Barnala News: ਬਰਨਾਲਾ ਘਟਨਾ ਮਾਮਲੇ ’ਚ ਭਾਜਪਾ ਵਫ਼ਦ ਨੇ ਰਾਜਪਾਲ ਨੂੰ ਸੌਂਪਿਆ ਮੰਗ-ਪੱਤਰ
ਮੁਕਾਬਲੇ ’ਚ ਜਸਕਰਨ ਤੇ ਲਖਵਿੰਦਰ ਜ਼ਖ਼ਮੀ ਹੋ ਗਏ, ਜਦਕਿ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਖਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਨਾਲ ਸਬੰਧਤ ਮਾਮਲੇ ਦਰਜ ਹਨ। ਐੱਸਐੱਸਪੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਇਕੱਠੇ ਮੌਜ਼ੂਦ ਸਨ ਤੇ ਉਨ੍ਹਾਂ ਕੋਲ ਤਲਵਾਰਾਂ ਵੀ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਪੁਲਿਸ ਟੀਮ ’ਤੇ ਹਮਲਾ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦਾ ਹਥਿਆਰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੋਹਾਲੀ ਦੇ ਗੀਗੇਮਾਜਰਾ ਤੇ ਤੰਗੋਰੀ ਪਿੰਡਾਂ ਦੇ ਰਹਿਣ ਵਾਲੇ ਹਨ। ਪੁਲਿਸ ਉਨ੍ਹਾਂ ਦੀ ਅਪਰਾਧਿਕ ਪਿਛੋਕੜ ਦੀ ਵੀ ਜਾਂਚ ਕਰ ਰਹੀ ਹੈ। ਐੱਸਐੱਸਪੀ ਸੰਦੀਪ ਹੰਸ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਅੰਮ੍ਰਿਤਸਰ, ਅੰਬਾਲਾ ਤੇ ਪਟਿਆਲਾ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਦੇ ਘਰਾਂ ’ਤੇ ਵੀ ਪੁਲਿਸ ਪਹੁੰਚੀ ਸੀ, ਪਰ ਉਹ ਉੱਥੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਮੁਲਜ਼ਮਾਂ ਨੂੰ ਸਰੰਡਰ ਕਰਵਾਉਣ ਲਈ ਕਿਹਾ ਗਿਆ ਸੀ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ। Crime News