ODI World Cup 2027: 2027 ਇੱਕਰੋਜ਼ਾ ਵਿਸ਼ਵ ਕੱਪ ਲਈ 12 ਮੇਜ਼ਬਾਨ ਸ਼ਹਿਰਾਂ ਦਾ ਐਲਾਲ, 24 ਸਾਲਾਂ ਬਾਅਦ ਅਫਰੀਕਾ ’ਚ ਹੋਵੇਗਾ ਵਿਸ਼ਵ ਕੱਪ
ਦੱਖਣੀ ਅਫਰੀਕਾ ਦੇ 8 ਸਥਾਨ, ਜ਼ਿੰਬਾਬਵੇ ਤੇ ਨਾਮੀਬੀਆ ਵੀ ਮੇਜ਼ਬਾਨ
ਸਪੋਰਟਸ ਡੈਸਕ। ਆਈਸੀਸੀ ਨੇ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਲਈ 12 ਮੇਜ਼ਬਾਨ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 4 ਅਕਤੂਬਰ ਤੋਂ 21 ਨਵੰਬਰ ਤੱਕ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ’ਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੇ ਅੱਠ ਸਥਾਨਾਂ ’ਤੇ ਮੈਚ ਖੇਡੇ ਜਾਣਗੇ : ਜੋਹਾਨਸਬਰਗ, ਸੈਂਚੁਰੀਅਨ, ਡਰਬਨ, ਗਕੇਬਰਹਾ, ਕੁਗੋਮਪੋ ਸਿਟੀ, ਕੇਪ ਟਾਊਨ, ਪਾਰਲ ਤੇ ਬਲੋਮਫੋਂਟੇਨ। ਜ਼ਿੰਬਾਬਵੇ ਦੇ ਹਰਾਰੇ, ਬੁਲਾਵਾਯੋ ਤੇ ਵਿਕਟੋਰੀਆ ਫਾਲਸ ’ਚ ਵੀ ਹੋਣਗੇ ਮੁਕਾਬਲੇ। ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ’ਚ ਵੀ ਮੈਚ ਖੇਡੇ ਜਾਣਗੇ। ਫਾਈਨਲ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਜਾਂ ਕੇਪ ਟਾਊਨ ਦੇ ਨਿਊਲੈਂਡਜ਼ ਸਟੇਡੀਅਮ ’ਚ ਹੋ ਸਕਦਾ ਹੈ।
ਇੱਕ ਰੋਜ਼ਾ ਵਿਸ਼ਵ ਕੱਪ 24 ਸਾਲਾਂ ਬਾਅਦ ਅਫਰੀਕਾ ’ਚ ਖੇਡਿਆ ਜਾਵੇਗਾ। ਪਿਛਲਾ ਟੂਰਨਾਮੈਂਟ 2003 ’ਚ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਕੀਨੀਆ ਵੱਲੋਂ ਕਰਵਾਇਆ ਗਿਆ ਸੀ। ਦੱਖਣੀ ਅਫਰੀਕਾ ਨੇ ਬਾਅਦ ’ਚ 2007 ਟੀ-20 ਵਿਸ਼ਵ ਕੱਪ, 2009 ਚੈਂਪੀਅਨਜ਼ ਟਰਾਫੀ ਤੇ 2023 ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। ਨਾਮੀਬੀਆ ਪਹਿਲੀ ਵਾਰ ਇੱਕ ਸੀਨੀਅਰ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਇਸ ਸਾਲ, ਇਸਨੇ ਜ਼ਿੰਬਾਬਵੇ ਨਾਲ ਅੰਡਰ-19 ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਵੀ ਕੀਤੀ ਹੈ।
Read Also : Anti-Drug Campaign: ਮਾਨਸਿਕ ਸਿਹਤ ਆਗੂਆਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦਿੱਤੀ ਨਵੀਂ ਮਜ਼ਬੂਤੀ
54 ’ਚੋਂ 41 ਮੈਚ ਦੱਖਣੀ ਅਫਰੀਕਾ ’ਚ ਹੋ ਸਕਦੇ ਹਨ
54 ਵਿਸ਼ਵ ਕੱਪ ਮੈਚਾਂ ’ਚੋਂ ਘੱਟੋ-ਘੱਟ 41 ਦੱਖਣੀ ਅਫਰੀਕਾ ’ਚ ਖੇਡੇ ਜਾਣ ਦੀ ਉਮੀਦ ਹੈ। ਜ਼ਿੰਬਾਬਵੇ 7 ਤੋਂ 10 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ ਨਾਮੀਬੀਆ ਘੱਟੋ-ਘੱਟ 3 ਮੈਚਾਂ ਦੀ ਮੇਜ਼ਬਾਨੀ ਕਰੇਗਾ। ਬੇਨੋਨੀ ਤੇ ਪੋਚੇਫਸਟ੍ਰੂਮ ਨੂੰ ਅਭਿਆਸ ਸਥਾਨਾਂ ਵਜੋਂ ਮਨੋਨੀਤ ਕੀਤਾ ਗਿਆ ਹੈ। ਇਹ ਦੋਵੇਂ ਸ਼ਹਿਰ ਨਾਮੀਬੀਆ ਦੇ ਨਾਲ ਅਗਲੇ ਸਾਲ ਦੇ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਵੀ ਕਰ ਸਕਦੇ ਹਨ।
ਵਿਕਟੋਰੀਆ ਫਾਲਸ ਪਹਿਲੀ ਵਾਰ ਵਿਸ਼ਵ ਕੱਪ ਸਥਾਨ ਬਣਨ ਜਾ ਰਿਹੈ
ਵਿਕਟੋਰੀਆ ਫਾਲਸ 12 ਸ਼ਹਿਰਾਂ ’ਚੋਂ ਇੱਕ ਨਵਾਂ ਸਥਾਨ ਹੈ। ਇੱਥੇ 10,000 ਦਰਸ਼ਕਾਂ ਦੀ ਸਮਰੱਥਾ ਵਾਲਾ ਇੱਕ ਨਵਾਂ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿਸ ਦੇ ਇਸ ਸਾਲ ਦੇ ਆਖਰ ਤੱਕ ਤਿਆਰ ਹੋਣ ਦੀ ਉਮੀਦ ਹੈ।
ਇੱਕ ਨਵੇਂ ਫਾਰਮੈਟ ਤੋਂ ਬਾਅਦ 14-ਟੀਮਾਂ ਦਾ ਹੋਵੇਗਾ ਟੂਰਨਾਮੈਂਟ
2027 ਇੱਕ ਰੋਜ਼ਾ ਵਿਸ਼ਵ ਕੱਪ ’ਚ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। ਆਈਸੀਸੀ ਨੇ ਹਾਲ ਹੀ ’ਚ ਇਸ ਟੂਰਨਾਮੈਂਟ ਲਈ ਇੱਕ ਨਵੇਂ ਤਿੰਨ-ਪੜਾਅ ਵਾਲੇ ਫਾਰਮੈਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਟੂਰਨਾਮੈਂਟ ਇੱਕ ਸੁਪਰ ਸੀਰੀਜ਼ ਨਾਲ ਸ਼ੁਰੂ ਹੋਵੇਗਾ, ਜਿਸ ’ਚ 12ਵੇਂ, 13ਵੇਂ ਤੇ 14ਵੇਂ ਸਥਾਨ ਦੀਆਂ ਟੀਮਾਂ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਨ੍ਹਾਂ ਵਿੱਚੋਂ ਇੱਕ ਟੀਮ ਅਗਲੇ ਪੜਾਅ ’ਚ ਜਾਵੇਗੀ। ਫਿਰ 12 ਟੀਮਾਂ ਨੂੰ ਛੇ-ਛੇ ਟੀਮਾਂ ਦੇ ਦੋ ਸਮੂਹਾਂ ’ਚ ਵੰਡਿਆ ਜਾਵੇਗਾ। ਹਰ ਸਮੂਹ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਦੋ ਟੀਮਾਂ ’ਚੋਂ ਬਿਹਤਰ ਸੁਪਰ-7 ਦੌਰ ’ਚ ਜਾਣਗੀਆਂ। ਸੁਪਰ 7 ’ਚ, ਸਾਰੀਆਂ ਸੱਤ ਟੀਮਾਂ ਇੱਕ-ਦੂਜੇ ਦੇ ਵਿਰੁੱਧ ਖੇਡਣਗੀਆਂ, ਜਿਸ ਤੋਂ ਬਾਅਦ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ’ਚ ਜਾਣਗੀਆਂ। ਦੋ ਸੈਮੀਫਾਈਨਲ ਜੇਤੂ ਫਾਈਨਲ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।
ਭਾਰਤ-ਪਾਕਿਸਤਾਨ ਦੇ ਹੋ ਸਕਦੇ ਹਨ ਤਿੰਨ ਮੁਕਾਬਲੇ
ਨਵੇਂ ਫਾਰਮੈਟ ਕਾਰਨ, ਭਾਰਤ ਤੇ ਪਾਕਿਸਤਾਨ ਵਿਚਕਾਰ ਜ਼ਿਆਦਾ ਤੋਂ ਜ਼ਿਆਦਾ ਤਿੰਨ ਮੈਚ ਖੇਡੇ ਜਾ ਸਕਦੇ ਹਨ। ਜੇਕਰ ਦੋਵੇਂ ਟੀਮਾਂ ਇੱਕੋ ਸਮੂਹ ’ਚ ਹਨ, ਤਾਂ ਪਹਿਲਾ ਮੁਕਾਬਲਾ ਗਰੁੱਪ ਪੜਾਅ ’ਚ ਹੋਵੇਗਾ। ਜੇਕਰ ਦੋਵੇਂ ਟੀਮਾਂ ਸੁਪਰ-7 ’ਚ ਪਹੁੰਚ ਜਾਂਦੀਆਂ ਹਨ, ਤਾਂ ਦੂਜਾ ਮੈਚ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ’ਚ ਤੀਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਸਕਦੀਆਂ ਹਨ।
ਮੇਜ਼ਬਾਨ ਟੀਮ ਦੀ ਸਥਿਤੀ ਕੀ ਹੈ?
ਦੱਖਣੀ ਅਫਰੀਕਾ ਤੇ ਜ਼ਿੰਬਾਬਵੇ ਨੇ ਪੂਰੇ ਮੈਂਬਰ ਵਜੋਂ ਵਿਸ਼ਵ ਕੱਪ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕੀਤਾ ਹੈ। ਤੀਜੇ ਮੇਜ਼ਬਾਨ, ਨਾਮੀਬੀਆ, ਨੂੰ ਯੋਗਤਾ ਪ੍ਰਕਿਰਿਆ ’ਚੋਂ ਲੰਘਣਾ ਪਵੇਗਾ। ਇਹ ਟੂਰਨਾਮੈਂਟ 2027-31 ਫਿਊਚਰ ਟੂਰ ਪ੍ਰੋਗਰਾਮ (ਐਫਟੀਪੀ) ਦਾ ਪਹਿਲਾ ਆਈਸੀਸੀ ਈਵੈਂਟ ਵੀ ਹੋਵੇਗਾ।