Punjabi University Patiala ਦੇ ਅਧਿਐਨ ’ਚ ਆਮ ਨਿਵੇਸ਼ਕਾਂ ਸਬੰਧੀ ਖੁਲਾਸਾ
‘ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ ਆਮ ਨਿਵੇਸ਼ਕ’
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਿੱਚ ਕੀਤੇ ਗਏ ਤਾਜ਼ਾ ਅਧਿਐਨ ਰਾਹੀਂ ਸਟਾਕ ਮਾਰਕੀਟ ਵਿੱਚ ਆਮ ਵਿਅਕਤੀਗਤ ਨਿਵੇਸ਼ਕਾਂ ਦੇ ਵਿਹਾਰ ਅਤੇ ਉਨ੍ਹਾਂ ਦੇ ਨਿਵੇਸ਼ ਸੰਬੰਧੀ ਫੈਸਲਿਆਂ ਦਾ ਵਿਸਥਾਰ ਵਿੱਚ ਅਧਿਐਨ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਤੋਂ ਪ੍ਰੋ. ਆਨੰਦ ਬਾਂਸਲ ਦੀ ਨਿਗਰਾਨੀ ਹੇਠ ਇਹ ਅਧਿਐਨ ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ ਵੱਲੋਂ ਕੀਤਾ ਗਿਆ।

ਪ੍ਰੋ. ਆਨੰਦ ਬਾਂਸਲ ਨੇ ਦੱਸਿਆ ਕਿ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ਤੋਂ ਵਿਅਕਤੀਗਤ ਨਿਵੇਸ਼ਕਾਂ ਨਾਲ਼ ਸਬੰਧਿਤ ਅੰਕੜੇ ਇਕੱਠੇ ਕਰਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੇ ਨਤੀਜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਰਵਾਇਤੀ ਵਿੱਤੀ ਸਿਧਾਂਤਾਂ ਦੇ ਉਲਟ, ਆਮ ਨਿਵੇਸ਼ਕ ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਅਧਿਐਨ ਅਨੁਸਾਰ ਕਈ ਨਿਵੇਸ਼ਕ ਅਤਿ-ਆਤਮਵਿਸ਼ਵਾਸ (ਓਵਰ-ਕਾਨਫ਼ੀਡੈਂਸ) ਦੇ ਪ੍ਰਭਾਵ ਹੇਠ ਆ ਕੇ ਮਾਰਕੀਟ ਵਿੱਚ ਵਾਰ-ਵਾਰ ਖਰੀਦ-ਫਰੋਖ਼ਤ ਕਰਦੇ ਹਨ ਅਤੇ ਅਕਸਰ ਗ਼ਲਤ ਫੈਸਲੇ ਲੈਂਦੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਮ ਨਿਵੇਸ਼ਕ ਵਿੱਚ ਇੰਨਾ ਜ਼ਿਆਦਾ ਆਤਮਵਿਸ਼ਵਾਸ ਆਉਂਦਾ ਕਿੱਥੋਂ ਹੈ। ਜਦੋਂ ਇਸ ਬਾਰੇ ਅਧਿਐਨ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਆਮ ਨਿਵੇਸ਼ਕ ਸ਼ੇਅਰ ਨਾਲ਼ ਸਬੰਧਿਤ ਜਾਣਕਾਰੀ ਟੀਵੀ ਪ੍ਰੋਗਰਾਮ, ਅਖ਼ਬਾਰ, ਮੈਗਜ਼ੀਨ, ਦੋਸਤਾਂ, ਰਿਸ਼ਤੇਦਾਰਾਂ ਤੇ ਸਹਿਕਰਮੀਆਂ ਦੇ ਨਾਲ ਗੱਲਬਾਤ ਤੋਂ ਹੀ ਇਕੱਠੀ ਕਰਦਾ ਹੈ। ਉਸ ਜਾਣਕਾਰੀ ਦੇ ਆਧਾਰ ’ਤੇ ਹੀ ਆਪਣੀ ਸੀਮਤ ਸਮਝ ਦੇ ਮੁਤਾਬਿਕ ਫੈਸਲੇ ਲੈਂਦਾ ਹੈ ਜਦੋਂਕਿ ਉਹ ਜਾਣਕਾਰੀ ਸਟਾਕ ਮਾਰਕੀਟ ਵਿੱਚ ਮੁਨਾਫ਼ਾ ਕਮਾਉਣ ਲਈ ਕਾਫ਼ੀ ਨਹੀਂ ਹੁੰਦੀ।
ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ, ਜੋ ਕਿ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ, ਨੇ ਦੱਸਿਆ ਕਿ ਖੋਜ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਆਮ ਨਿਵੇਸ਼ਕ ਆਪਣੇ ਅਤਿ-ਆਤਮਵਿਸ਼ਵਾਸ ਦੇ ਕਾਰਨ ਪੋਰਟਫੋਲੀਓ ਵਿੱਚ ਨਿਵੇਸ਼ ਨੂੰ ਵੱਖ-ਵੱਖ ਖੇਤਰਾਂ ਨਾਲ਼ ਸਬੰਧਤ ਸ਼ੇਅਰਾਂ ਵਿੱਚ ਠੀਕ ਤਰ੍ਹਾਂ ਨਹੀਂ ਰੱਖਦੇ, ਜਿਸ ਨਾਲ਼ ਉਹ ਅਕਸਰ ਜੋਖ਼ਮ ਘਟਾਉਣ ਦੇ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨਿਵੇਸ਼ਕ ਭੇਡਚਾਲ ਦਾ ਸ਼ਿਕਾਰ ਹੋ ਕੇ ਬਿਨਾਂ ਪੂਰੀ ਜਾਂਚ-ਪੜਤਾਲ ਦੇ ਮਿਲਣ ਵਾਲ਼ੇ ਟਿਪਸ ’ਤੇ ਭਰੋਸਾ ਕਰਕੇ ਹੀ ਨਿਵੇਸ਼ ਕਰਦੇ ਹਨ ਤੇ ਕਈ ਵਾਰ ਆਪਣੀ ਸਾਰੀ ਪੂੰਜੀ ਇੱਕੋ ਹੀ ਕੰਪਨੀ ਦੇ ਸ਼ੇਅਰਾਂ ਵਿੱਚ ਲਾ ਦਿੰਦੇ ਹਨ, ਜੋ ਕਿ ਕਾਫ਼ੀ ਜੋਖ਼ਮ ਭਰਿਆ ਫੈਸਲਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਕੀਤਾ ਗਿਆ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਘਰਾਂ ਵਿੱਚ ਬੈਂਕ ਵਿੱਚ ਰਾਸ਼ੀ ਜਮ੍ਹਾ ਕਰਵਾਉਣਾ ਅਜੇ ਵੀ ਸਭ ਤੋਂ ਪਸੰਦੀਦਾ ਨਿਵੇਸ਼ ਵਿਧੀ ਮੰਨੀ ਜਾਂਦੀ ਹੈ, ਕਿਉਂਕਿ ਇਹ ਨਿਵੇਸ਼ਕਾਂ ਨੂੰ ਉੱਚ ਪੱਧਰ ਦੀ ਸੁਰੱਖਿਆ, ਸਥਿਰਤਾ ਅਤੇ ਨਿਸ਼ਚਿਤ ਆਮਦਨ ਦਾ ਭਰੋਸਾ ਪ੍ਰਦਾਨ ਕਰਦੀ ਹੈ।
ਅਧਿਐਨ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਕਾਰੀ : ਡਾ. ਜਗਦੀਪ ਸਿੰਘ
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਅਧਿਐਨ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਕਾਰੀ ਹੈ। ਅਜਿਹੀਆਂ ਖੋਜਾਂ ਸਮੇਂ ਦੀ ਲੋੜ ਹਨ, ਜੋ ਲੋਕਾਂ ਨੂੰ ਸੂਝ-ਬੂਝ ਨਾਲ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਅਤੇ ਗਲੋਬਲ ਆਰਥਿਕ ਪ੍ਰਸੰਗ ਵਿੱਚ, ਇਸ ਤਰ੍ਹਾਂ ਦੀਆਂ ਖੋਜਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਮੌਜੂਦਾ ਸਮੇਂ ਸਟਾਕ ਮਾਰਕੀਟ ਦੀ ਦਿਸ਼ਾ ਦਾ ਅਨੁਮਾਨ ਲਾਉਣਾ ਆਮ ਨਿਵੇਸ਼ਕ ਲਈ ਕਾਫ਼ੀ ਮੁਸ਼ਕਲ ਹੋ ਗਿਆ ਹੈ।