World Book Day: ਬੱਲ੍ਹੋ ਪਿੰਡ ਦੀਆਂ ਨੂੰਹਾਂ-ਧੀਆਂ ਨੇੇੇੇੇੇ ਕਿਤਾਬਾਂ ਨੂੰ ਬਣਾਇਆ ‘ਸਹੇਲੀਆਂ’

ਵਿਸ਼ਵ ਕਿਤਾਬ ਦਿਵਸ ’ਤੇ ਵਿਸ਼ੇਸ਼

Ravinder Sharma Picture
Published On

ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹਾ ਬਠਿੰਡਾ ਦਾ ਪਿੰਡ ਬੱਲ੍ਹੋ ਪਿੰਡ ਦੀ ਦਿੱਖ ਲਈ ਵੱਖਰੇ ਕਾਰਜਾਂ ਕਰਕੇ ਚਰਚਾ ’ਚ ਰਹਿੰਦਾ ਹੈ। ਪਿੰਡ ਦੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀ ਬਣਾਈ ਤਾਂ ਵਡੇਰੀ ਉਮਰ ਦੇ ਪੁਰਸ਼ ਤੇ ਔਰਤਾਂ ’ਚ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਜਾਗ ਉੱਠਿਆ। ਨੌਜਵਾਨਾਂ ਨੂੰ ਮੋਬਾਇਲ ਨਾਲੋਂ ਤੋੜ ਕੇ ਕਿਤਾਬਾਂ ਨਾਲ ਜੋੜਨ ਦੇ ਟੀਚੇ ਨਾਲ ਬਣਾਈ ‘ਯੂਥ ਲਾਇਬ੍ਰੇਰੀ’ ਦਾ ਅਸਰ ਪਿੰਡ ਵਾਸੀਆਂ ’ਤੇ ਐਨਾ ਜ਼ਿਆਦਾ ਪਵੇਗਾ ਇਹ ਲਾਇਬ੍ਰੇਰੀ ਪ੍ਰਬੰਧਕਾਂ ਨੇ ਵੀ ਨਹੀਂ ਸੋਚਿਆ ਹੋਣਾ। ਪਿੰਡ ਦੀਆਂ ਔਰਤਾਂ ਪੂਰੇ ਸ਼ੌਂਕ ਨਾਲ ਲਾਇਬ੍ਰੇਰੀ ’ਚੋਂ ਕਿਤਾਬਾਂ ਘਰ ਲਿਜਾ ਕੇ ਪੜ੍ਹਦੀਆਂ ਹਨ। ਪਿੰਡ ਦੀ 70 ਸਾਲਾ ਬੇਬੇ ਜਸਮੀਤ ਕੌਰ ਪਿੰਡ ਵਾਸੀਆਂ ਲਈ ਕਿਤਾਬਾਂ ਪੜ੍ਹਨ ਦੇ ਮਾਮਲੇ ’ਚ ਰੋਲ ਮਾਡਲ ਬਣੀ ਹੈ, ਜੋ ਸਭ ਤੋਂ ਵੱਧ ਕਿਤਾਬਾਂ ਲੈ ਕੇ ਜਾਂਦੀ ਹੈ।

World-Book-Dauy

ਵੇਰਵਿਆਂ ਮੁਤਾਬਿਕ ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਨੇ ਪਿੰਡ ’ਚ ਯੂਥ ਲਾਇਬ੍ਰੇੇਰੀ ਖੋਲ੍ਹੀ ਹੈ। ਇਸ ਲਾਇਬ੍ਰਰੀ ’ਚ ਪਿੰਡ ਦੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਤਾਬਾਂ ਪੜ੍ਹਨ ਲਈ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਪਿੰਡ ਦੀ 70 ਸਾਲਾ ਬੇੇੇਬੇ ਜਸਮੀਤ ਕੌਰ ਨੇ ਕਿਤਾਬਾਂ ਪੜ੍ਹਨ ਦੇ ਮੁਕਾਬਲੇ ’ਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਪਿੰਡ ’ਚ ਜਦੋਂ ਲਾਇਬ੍ਰੇਰੀ ਖੁੱਲ੍ਹੀ ਤਾਂ ਜਸਮੀਤ ਕੌਰ ਨੂੰ ਚਾਅ ਚੜ੍ਹ ਗਿਆ। ਲਾਇਬਰੇਰੀਅਨ ਰਾਜਵਿੰਦਰ ਕੌਰ ਬੜੇ ਮਾਣ ਨਾਲ ਦੱਸਦੇ ਹਨ ਕਿ ਸ਼ੁਰੂ-ਸ਼ੁਰੂ ’ਚ ਬੇਬੇ ਜਸਮੀਤ ਕੌਰ ਦੀ ਨੂੰਹ ਕਿਤਾਬਾਂ ਲਿਜਾ ਕੇ ਦਿੰਦੀ ਤੇ ਫਿਰ ਬੇਬੇ ਖੁਦ ਲਾਇਬ੍ਰੇਰੀ ਆਉਣ ਲੱਗ ਪਏ।

Read Also : ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ 'ਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’ : ਮੁੱਖ ਮੰਤਰੀ

ਉਹ ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹਦੇ ਹਨ। ਕਦੇ-ਕਦੇ ਲਾਇਬ੍ਰੇਰੀ ਆ ਕੇ ਆਖਦੇ ਹਨ ਕਿ ‘ਦਾਦੀ ਮਾਂ ਦੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਦਿਓ, ਪੋਤੇ-ਪੋਤੀਆਂ ਨੂੰ ਪੜ੍ਹ ਕੇ ਸੁਣਾਵਾਂਗੀ’। ਵਡੇਰੀ ਉਮਰ ਦੇ ਹੋਣ ਕਰਕੇ ਭਾਵੇਂ ਜਸਮੀਤ ਕੌਰ ਤੁਰਨ ਲਈ ਖੂੰਡੀ ਦਾ ਸਹਾਰਾ ਲੈਂਦੇ ਹਨ। ਤੁਰਨ ’ਚ ਆਉਂਦੀ ਦਿੱਕਤ ਕਾਰਨ ਉਨ੍ਹਾਂ ਨੂੰ ਆਮ ਪਾਠਕਾਂ ਦੇ ਮੁਕਾਬਲੇ ਜ਼ਿਆਦਾ ਛੋਟ ਇਹ ਮਿਲੀ ਹੈ ਕਿ ਉਨ੍ਹਾਂ ਨੂੰ ਕਿਤਾਬਾਂ ਇੱਕ ਮਹੀਨੇ ਲਈ ਦੇ ਦਿੱਤੀਆਂ ਜਾਂਦੀਆਂ ਹਨ, ਜਦੋਂਕਿ ਦੂਜੇ ਪਾਠਕ 14 ਦਿਨਾਂ ਬਾਅਦ ਕਿਤਾਬ ਜ਼ਮ੍ਹਾਂ ਕਰਵਾਉਂਦੇ ਹਨ ਤੇ ਨਾ ਪੜ੍ਹੇ ਜਾਣ ’ਤੇ ਮੁੜ ਰਿਲੀਜ਼ ਕਰਵਾ ਲੈਂਦੇ ਹਨ। ਜਸਮੀਤ ਕੌਰ ਮਿੱਥੇ ਸਮੇਂ ’ਤੇ ਕਿਤਾਬਾਂ ਜ਼ਮ੍ਹਾਂ ਕਰਵਾ ਜਾਂਦੀ ਹੈ ਤੇ ਨਵੀਆਂ ਲੈ ਜਾਂਦੀ ਹੈ।   

ਪੇਕੇ ਪਿੰਡ ਆ ਕੇ ਕਿਤਾਬਾਂ ਲਿਜਾਂਦੀ ਹੈ ਸੁਖਵਿੰਦਰ ਕੌਰ

ਪਿੰਡ ’ਚ ਰਹਿਣ ਵਾਲੀਆਂ ਔਰਤਾਂ ਤਾਂ ਲਾਇਬ੍ਰੇਰੀ ’ਚੋਂ ਕਿਤਾਬਾਂ ਲਿਜਾ ਕੇ ਘਰ ਪੜ੍ਹਦੀਆਂ ਹਨ ਤੇ ਜਿਨ੍ਹਾਂ ਧੀਆਂ ਦੇ ਵਿਆਹ ਹੋ ਗਏ, ਉਹਨਾਂ ਨੇ ਵਿਆਹ ਮਗਰੋਂ ਕਿਤਾਬਾਂ ਨਾਲ ਮੋਹ ਬਰਕਰਾਰ ਰੱਖਿਆ ਹੈ। ਪਿੰਡ ਦੀ ਧੀ ਸੁਖਵਿੰਦਰ ਕੌਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਵਿਆਹੀ ਹੈ, ਪਰ ਪੜ੍ਹਨ ਲਈ ਕਿਤਾਬਾਂ ਆਪਣੇ ਪੇਕੇ ਪਿੰਡ ਬੱਲ੍ਹੋ ਦੀ ਲਾਇਬ੍ਰੇਰੀ ’ਚੋਂ ਲੈ ਕੇ ਜਾਂਦੀ ਹੈ।

ਕਿਤਾਬਾਂ ਪੜ੍ਹਨ ਲਈ ਦਿੱਤਾ ਜਾਂਦਾ ਹੈ ਇਨਾਮ : ਮਾਨ

World-Book-Dauy-2

ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦਾ ਕਹਿਣਾ ਹੈੈ ਕਿ ਸੁਸਾਇਟੀ ਸਮੇਤ ਪਿੰਡ ਦੀ ਸਮੁੱਚੀ ਪੰਚਾਇਤ ਦਾ ਟੀਚਾ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਨਾਲ ਜੋੜਨ ਦਾ ਹੈ, ਜਿਸ ਤਹਿਤ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਨਗਦ ਇਨਾਮ ਵੀ ਦਿੱਤੇ ਜਾਂਦੇ ਹਨ। ਅੱਖਰ ਗਿਆਨ ਦੇ ਲਈ ਪਿੰਡ ਦੀ ਹੀ ਲਾਇਬ੍ਰੇੇਰੀ ’ਚ ਚਲਦੇ ‘ਬੇਬੇ ਬਾਪੂ ਸਕੂਲ’ ’ਚ ਵੀ ਵੱਡੀ ਗਿਣਤੀ ’ਚ ਬਜ਼ੁਰਗ ਲਿਖਣ-ਪੜ੍ਹਨ ਸਿੱਖਣ ਲਈ ਆਉਂਦੇ ਹਨ ਤੇ ਕਾਫੀ ਬਜ਼ੁਰਗ ਆਪਣਾ ਨਾਂਅ ਲਿਖਣਾ ਸਿੱਖ ਗਏ।  

About The Author

Related Posts