IMD Weather Warning: ਸਮੇਂ ਤੋਂ ਪਹਿਲਾਂ ਗਰਮੀ ਤੇ ਕਮਜ਼ੋਰ ਮਾਨਸੂਨ ਦੀ ਚਿਤਾਵਨੀ

ਸਾਲ 2026 ’ਚ ਮਾਨਸੂਨ ਦੀ ਬਰਸਾਤ ਆਮ ਨਾਲੋਂ ਘੱਟ ਰਹਿਣ ਦੀ ਆਸ

Khushdeep Singh Picture
Published On

ਦੇਸ਼ ਵਿੱਚ ਇਸ ਸਾਲ ਗਰਮੀ ਨੇ ਉਮੀਦ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਅਤੇ ਇਸ ਨਾਲ ਮੌਸਮ ਨਾਲ ਜੁੜੀਆਂ ਚਿੰਤਾਵਾਂ ਵੀ ਡੂੰਘੀਆਂ ਹੋਣ ਲੱਗੀਆਂ ਹਨ। ਤਾਜ਼ਾ ਅਨੁਮਾਨਾਂ ਅਨੁਸਾਰ ਸਾਲ 2026 ’ਚ ਮਾਨਸੂਨ ਦੀ ਬਰਸਾਤ ਆਮ ਨਾਲੋਂ ਘੱਟ ਰਹਿਣ ਦੀ ਆਸ ਹੈ। ਇਹ ਸਥਿਤੀ ਸਿਰਫ਼ ਮੌਸਮ ਤੱਕ ਸੀਮਿਤ ਨਹੀਂ ਹੈ, ਸਗੋਂ ਇਸਦਾ ਸਿੱਧਾ ਅਸਰ ਦੇਸ਼ ਦੀ ਖੇਤੀ ਵਿਵਸਥਾ, ਅਰਥਵਿਵਸਥਾ ਅਤੇ ਆਮ ਲੋਕਾਂ ਦੀ ਜ਼ਿੰਦਗੀ ’ਤੇ ਪੈ ਸਕਦਾ ਹੈ। ਭਾਰਤ ਦੀ ਅਰਥਵਿਵਸਥਾ ਦਾ ਵੱਡਾ ਹਿੱਸਾ ਅਜੇ ਵੀ ਬਰਸਾਤ ’ਤੇ ਅਧਾਰਿਤ ਖੇਤੀ ’ਤੇ ਨਿਰਭਰ ਹੈ, ਇਸ ਲਈ ਮਾਨਸੂਨ ਵਿੱਚ ਘਾਟ ਦਾ ਮਤਲਬ ਹੈ ਉਤਪਾਦਨ ਵਿੱਚ ਗਿਰਾਵਟ ਅਤੇ ਮਹਿੰਗਾਈ ਵਿੱਚ ਵਾਧਾ।

ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਭਾਰਤੀ ਮੌਸਮ ਵਿਭਾਗ ਦੇ ਤਾਜ਼ਾ ਅੰਦਾਜ਼ੇ ਦੱਸਦੇ ਹਨ ਕਿ ਇਸ ਸਾਲ ਬਰਸਾਤ ਲੰਮੇ ਸਮੇਂ ਦੀ ਔਸਤ ਦੇ ਲਗਭਗ 92 ਫੀਸਦੀ ਤੱਕ ਰਹਿ ਸਕਦੀ ਹੈ। ਇਹ ਪੱਧਰ ਪਿਛਲੇ ਕਈ ਦਹਾਕਿਆਂ ਵਿੱਚ ਤੁਲਨਾਤਮਕ ਤੌਰ ’ਤੇ ਘੱਟ ਮੰਨਿਆ ਜਾਂਦਾ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਿਕਸਿਤ ਹੋ ਰਹੀਆਂ ਸਥਿਤੀਆਂ, ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ‘ਅਲ ਨੀਨੋ’ ਕਿਹਾ ਜਾਂਦਾ ਹੈ, ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਪਿਛਲੇ ਤਜ਼ਰਬੇ ਦੱਸਦੇ ਹਨ ਕਿ ਅਜਿਹੇ ਸਾਲਾਂ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਰਸਾਤ ਘੱਟ ਹੁੰਦੀ ਹੈ, ਜਿਸ ਨਾਲ ਸਿੰਚਾਈ ਅਤੇ ਪਾਣੀ ਦੀ ਉਪਲੱਬਧਤਾ ’ਤੇ ਦਬਾਅ ਵਧਦਾ ਹੈ।

Read Also : Blackout: ਭਲਕੇ ਵੱਜੇਗਾ ਘੁੱਗੂ, ਬੰਦ ਹੋਵੇਗੀ ਬਿਜਲੀ, ਜਾਣੋ ਕੀ ਹੈ ਕਾਰਨ

ਕਮਜ਼ੋਰ ਮਾਨਸੂਨ ਦੀ ਆਸ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਪਹਿਲਾਂ ਹੀ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਤੇਲ ਤੇ ਖਾਦਾਂ ਦੀ ਲਾਗਤ ਵਧਣ ਦਾ ਖਤਰਾ ਬਣਿਆ ਹੋਇਆ ਹੈ। ਜੇ ਬਰਸਾਤ ਘੱਟ ਹੋਈ ਤਾਂ ਕਿਸਾਨਾਂ ਦੇ ਸਾਹਮਣੇ ਦੋਹਰੀ ਚੁਣੌਤੀ ਖੜ੍ਹੀ ਹੋ ਸਕਦੀ ਹੈ। ਇੱਕ ਤਰਫ਼ ਖੇਤੀ ਦੀ ਲਾਗਤ ਵਧੇਗੀ, ਦੂਜੇ ਪਾਸੇ ਉਤਪਾਦਨ ਘਟਣ ਦੀ ਸੰਭਾਵਨਾ ਰਹੇਗੀ। ਇਸਦਾ ਅਸਰ ਅਨਾਜ, ਖਾਸ ਕਰਕੇ ਕਣਕ ਤੇ ਹੋਰ ਜ਼ਰੂਰੀ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ, ਜਿਸ ਨਾਲ ਆਮ ਉਪਭੋਗਤਾ ਦੀ ਪਰੇਸ਼ਾਨੀ ਵਧੇਗੀ।ਇਸੇ ਦੇ ਨਾਲ ਇਸ ਸਾਲ ਗਰਮੀ ਦੀ ਸ਼ੁਰੂਆਤ ਵੀ ਅਸਧਾਰਨ ਤੌਰ ’ਤੇ ਜਲਦੀ ਹੋ ਗਈ ਹੈ।

ਫਰਵਰੀ ਮਹੀਨੇ ਨੂੰ ਪਿਛਲੀ ਇੱਕ ਸਦੀ ਵਿੱਚ ਸਭ ਤੋਂ ਵੱਧ ਗਰਮ ਮਹੀਨਿਆਂ ਵਿੱਚ ਗਿਣਿਆ ਗਿਆ। ਮਾਰਚ ਤੋਂ ਹੀ ਕਈ ਖੇਤਰਾਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ, ਜੋ ਆਮ ਸਥਿਤੀਆਂ ਵਿੱਚ ਅਪਰੈਲ ਜਾਂ ਮਈ ਵਿੱਚ ਵੇਖਣ ਨੂੰ ਮਿਲਦਾ ਹੈ। ਇਹ ਬਦਲਾਅ ਸਿਰਫ਼ ਇੱਕ ਸੰਯੋਗ ਨਹੀਂ ਹੈ, ਸਗੋਂ ਲੰਮੇ ਸਮੇਂ ਦੇ ਜਲਵਾਯੂ ਪਰਿਵਰਤਨ ਦਾ ਸੰਕੇਤ ਹੈ। ਪਿਛਲੀ ਇੱਕ ਸਦੀ ਵਿੱਚ ਦੇਸ਼ ਦਾ ਔਸਤ ਤਾਪਮਾਨ ਲਗਭਗ 0.7 ਡਿਗਰੀ ਸੈਲਸੀਅਸ ਵਧ ਚੁੱਕਾ ਹੈ ਤੇ ਜੇ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਤੇਜ਼ੀ ਨਾਲ ਵਧਦਾ ਸ਼ਹਿਰੀਕਰਨ ਅਤੇ ਉਦਯੋਗਿਕ ਗਤੀਵਿਧੀਆਂ ਨੇ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।

ਸ਼ਹਿਰਾਂ ਵਿੱਚ ਕੰਕਰੀਟ ਦਾ ਵਿਸਥਾਰ, ਹਰੀਆਲੀ ਖੇਤਰਾਂ ਦੀ ਘਾਟ ਅਤੇ ਵਾਹਨਾਂ ਦੀ ਵਧਦੀ ਗਿਣਤੀ ਨੇ ਤਾਪਮਾਨ ਨੂੰ ਹੋਰ ਵਧਾ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਲੂ ਦੀਆਂ ਘਟਨਾਵਾਂ ਵਧੇਰੇ ਤੀਬਰ ਤੇ ਲੰਮੀ ਮਿਆਦ ਵਾਲੀਆਂ ਹੋ ਗਈਆਂ ਹਨ। ਉਹ ਖੇਤਰ ਵੀ ਹੁਣ ਗਰਮੀ ਦੀ ਚਪੇਟ ਵਿੱਚ ਆਉਣ ਲੱਗੇ ਹਨ ਜਿੱਥੇ ਪਹਿਲਾਂ ਅਜਿਹੀ ਸਥਿਤੀ ਘੱਟ ਵੇਖੀ ਜਾਂਦੀ ਸੀ। ਇਹ ਤਬਦੀਲੀ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਬਣ ਰਹੀ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲਾਂ ਵਿੱਚ ਲੂ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਅਨੁਸਾਰ 1992 ਤੋਂ 2015 ਤੱਕ ਲੂ ਨਾਲ ਜੁੜੀਆਂ ਘਟਨਾਵਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ।

ਸਾਲ 2010 ਵਿੱਚ ਅਹਿਮਦਾਬਾਦ ਵਿੱਚ ਅਤਿਅੰਤ ਗਰਮੀ ਕਾਰਨ ਇੱਕੋ ਘਟਨਾ ’ਚ ਸੈਂਕੜਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਹ ਸੰਕੇਤ ਸਪੱਸ਼ਟ ਕਰਦੇ ਹਨ ਕਿ ਗਰਮੀ ਹੁਣ ਸਿਰਫ਼ ਅਸੁਵਿਧਾ ਦਾ ਵਿਸ਼ਾ ਨਹੀਂ ਰਹੀ, ਬਲਕਿ ਇੱਕ ਗੰਭੀਰ ਆਫਤ ਦਾ ਰੂਪ ਲੈ ਚੁੱਕੀ ਹੈ।ਇਸ ਸਾਲ ਵੀ ਉੱਤਰ, ਪੱਛਮ ਤੇ ਮੱਧ ਭਾਰਤ ਦੇ ਕਈ ਰਾਜਾਂ ਵਿੱਚ ਆਮ ਨਾਲੋਂ ਵਧੇਰੇ ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੇ ਨਾਲ ਹੀ ਪਾਣੀ ਦੀ ਘਾਟ ਦੀ ਸਥਿਤੀ ਵੀ ਡੂੰਘੀ ਹੋਣ ਦੀ ਆਸ ਹੈ। ਬਰਸਾਤ ’ਚ ਘਾਟ ਤੇ ਤਾਪਮਾਨ ਵਿੱਚ ਵਾਧੇ ਦਾ ਸਿੱਧਾ ਅਸਰ ਝੀਲਾਂ ਅਤੇ ਭੂਜਲ ਲੈਵਲ ’ਤੇ ਪਵੇਗਾ। ਇਸ ਨਾਲ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਪ੍ਰਭਾਵਿਤ ਹੋ ਸਕਦੀ ਹੈ।

IMD Weather Warning

ਪੇਂਡੂ ਖੇਤਰਾਂ ਵਿੱਚ ਸਥਿਤੀ ਹੋਰ ਵੀ ਔਖੀ ਹੋ ਸਕਦੀ ਹੈ। ਗਰਮੀ ਦੇ ਵਧਦੇ ਪ੍ਰਭਾਵ ਦਾ ਅਸਰ ਊਰਜਾ ਖੇਤਰ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਤਾਪਮਾਨ ਵਧਣ ਨਾਲ ਠੰਡਕ ਵਾਲੀਆਂ ਚੀਜ਼ਾਂ ਦੀ ਮੰਗ ਵਧ ਜਾਂਦੀ ਹੈ, ਜਿਸ ਨਾਲ ਬਿਜਲੀ ਦੀ ਖਪਤ ਤੇਜ਼ੀ ਨਾਲ ਵਧਦੀ ਹੈ। ਇਸ ਸਾਲ ਬਿਜਲੀ ਦੀ ਮੰਗ ਨਵੀਂ ਉੱਚੀ ਪੱਧਰ ਤੱਕ ਪਹੁੰਚਣ ਦਾ ਅਨੁਮਾਨ ਹੈ। ਹਾਲਾਂਕਿ ਨਵੀਨੀਕਰਣਯੋਗ ਊਰਜਾ ਖੇਤਰ ’ਚ ਵਿਸਥਾਰ ਹੋਇਆ ਹੈ, ਫਿਰ ਵੀ ਸ਼ਾਮ ਦੇ ਸਮੇਂ ਮੰਗ ਅਤੇ ਸਪਲਾਈ ਵਿਚਕਾਰ ਅੰਤਰ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਬਿਜਲੀ ਵਿਵਸਥਾ ’ਤੇ ਵਾਧੂ ਦਬਾਅ ਪੈਣਾ ਸਵਾਭਾਵਿਕ ਹੈ। ਖੇਤੀ ਖੇਤਰ ਲਈ ਇਹ ਸਮਾਂ ਹੋਰ ਵੀ ਸੰਵੇਦਨਸ਼ੀਲ ਹੈ।

ਮਾਰਚ ਮਹੀਨੇ ਵਿੱਚ ਕਣਕ ਦੀ ਫਸਲ ਪੱਕਣ ਦੇ ਅੰਤਿਮ ਪੜਾਅ ’ਚ ਹੁੰਦੀ ਹੈ। ਜੇ ਇਸ ਦੌਰਾਨ ਤਾਪਮਾਨ ਵੱਧ ਗਿਆ ਤਾਂ ਦਾਣਿਆਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ ਤੇ ਉਤਪਾਦਨ ਘੱਟ ਜਾਂਦਾ ਹੈ। ਇਸ ਦਾ ਨਤੀਜਾ ਬਜ਼ਾਰ ਵਿੱਚ ਖਾਦਾ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਵਜੋਂ ਸਾਹਮਣੇ ਆਉਂਦਾ ਹੈ। ਇਸ ਸਥਿਤੀ ਨਾਲ ਨਪਟਣ ਲਈ ਖੇਤੀ ਢੰਗਾਂ ਵਿੱਚ ਬਦਲਾਅ ਤੇ ਬਿਹਤਰ ਪ੍ਰਬੰਧਨ ਦੀ ਲੋੜ ਹੈ।ਮੌਜੂਦਾ ਹਾਲਾਤ ਇਹ ਸਪੱਸ਼ਟ ਸੰਕੇਤ ਦਿੰਦੇ ਹਨ ਕਿ ਜਲਵਾਯੂ ਪਰਿਵਰਤਨ ਹੁਣ ਭਵਿੱਖ ਦੀ ਸਮੱਸਿਆ ਨਹੀਂ ਰਿਹਾ, ਸਗੋਂ ਇਹ ਵਰਤਮਾਨ ਦੀ ਚੁਣੌਤੀ ਬਣ ਚੁੱਕਾ ਹੈ। ਇਸ ਨੂੰ ਸਿਰਫ਼ ਨੀਤੀਆਂ ਤੱਕ ਸੀਮਿਤ ਰੱਖ ਕੇ ਹੱਲ ਨਹੀਂ ਕੀਤਾ ਜਾ ਸਕਦਾ।

ਪ੍ਰਦੂਸ਼ਣ ਨਿਯੰਤਰਣ, ਪਾਣੀ ਸੰਭਾਲ, ਹਰਿਆਲੀ ਖੇਤਰਾਂ ਦਾ ਵਿਸਥਾਰ ਤੇ ਟਿਕਾਊ ਸ਼ਹਿਰੀ ਯੋਜਨਾਬੰਦੀ ਵਰਗੇ ਕਦਮਾਂ ਨੂੰ ਤਰਜੀਹ ਦੇਣੀ ਹੋਵੇਗੀ। ਇਸ ਦੇ ਨਾਲ ਹੀ ਸਮਾਜ ਦੇ ਹਰ ਵਰਗ ਨੂੰ ਇਸ ਦਿਸ਼ਾ ਵਿੱਚ ਜਾਗਰੂਕ ਤੇ ਸਰਗਰਮ ਹੋਣਾ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਜੇ ਮਾਨਸੂਨ ਕਮਜ਼ੋਰ ਰਿਹਾ ਤੇ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਇਸਦਾ ਵਿਆਪਕ ਅਸਰ ਦੇਸ਼ ਦੀ ਆਰਥਿਕ ਤੇ ਸਮਾਜਿਕ ਢਾਂਚੇ ’ਤੇ ਪਵੇਗਾ। ਇਸ ਲਈ ਲੋੜ ਹੈ ਕਿ ਸਰਕਾਰ, ਵਿਗਿਆਨੀ ਭਾਈਚਾਰਾ ਤੇ ਆਮ ਨਾਗਰਿਕ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਠੋਸ ਤੇ ਲੰਮੀ ਮਿਆਦ ਵਾਲੀ ਰਣਨੀਤੀ ਤਿਆਰ ਕਰਨ। ਸਮੇਂ ਰਹਿੰਦੇ ਉਠਾਏ ਗਏ ਕਦਮ ਹੀ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹਨ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਧੁਜਰਤੀ ਮੁਖਰਜੀ

About The Author

Related Posts