Lehragaga News: ਸਰਕਾਰ ਕਹੇ ਲਹਿਰੇ ’ਚ ਵਿਕਾਸ ਦੀ ਲਹਿਰ, ਵਿਰੋਧੀ ਕਹਿਣ ਸਿਰਫ਼ ਦਾਅਵੇ

ਲਹਿਰਾਗਾਗਾ ਹਲਕੇ ’ਚ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ : ਮੰਤਰੀ ਬਰਿੰਦਰ ਗੋਇਲ

Ravinder Sharma Picture
Published On

ਲਹਿਰਾਗਾਗਾ (ਰਾਜ ਸਿੰਗਲਾ)। ਮਾਲਵੇ ਦੀ ਸਿਆਸਤ ਦਾ ਧੁਰਾ ਮੰਨਿਆ ਜਾਣ ਵਾਲਾ ਵਿਧਾਨ ਸਭਾ ਹਲਕਾ ਲਹਿਰਾਗਾਗਾ, ਜਿਸ ਦੀ ਨੁਮਾਇੰਦਗੀ ਕਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕੀਤੀ, ਅੱਜ ਇੱਕ ਨਵੇਂ ਸਿਆਸੀ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸਾਲ 2022 ਵਿੱਚ ਇਸ ਹਲਕੇ ਨੇ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਦਿਆਂ ਪਹਿਲੀ ਵਾਰ ‘ਆਮ ਆਦਮੀ ਪਾਰਟੀ’ ਦੇ ਬਰਿੰਦਰ ਕੁਮਾਰ ਗੋਇਲ ’ਤੇ ਭਰੋਸਾ ਪ੍ਰਗਟਾਇਆ, ਜੋ ਹੁਣ ਕੈਬਨਿਟ ਮੰਤਰੀ ਵਜੋਂ ਹਲਕੇ ਦੀ ਵਾਗਡੋਰ ਸੰਭਾਲ ਰਹੇ ਹਨ।

Lehragaga-News

ਜੇਕਰ ਪਿਛਲੇ ਚਾਰ ਸਾਲਾਂ ਦੇ ਵਿਕਾਸ ਦੀ ਪੜਚੋਲ ਕਰੀਏ, ਤਾਂ ਜਿੱਥੇ ਇਸ ਪੱਛੜੇ ਇਲਾਕੇ ਲਈ ਮੈਡੀਕਲ ਕਾਲਜ ਦਾ ਐਲਾਨ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ, ਉੱਥੇ ਸ਼ੂਕਦੇ ਘੱਗਰ ਦਰਿਆ ਨੂੰ ਨੱਥ ਪਾਉਣ ਦੀ ਪੁਰਾਣੀ ਸਮੱਸਿਆ ਅੱਜ ਵੀ ਲੋਕਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਸਰਕਾਰੀ ਦਾਅਵਿਆਂ ਅਨੁਸਾਰ ਖੇਡ ਸਟੇਡੀਅਮਾਂ ਅਤੇ ਸੜਕਾਂ ਦੇ ਨਿਰਮਾਣ ਦੇ ਨਾਲ-ਨਾਲ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਰਾਏਧਰਾਣਾ, ਗੁਰਨੇ ਕਲਾਂ ਅਤੇ ਭੁਟਾਲ ਕਲਾਂ ਵਰਗੇ ਪਿੰਡਾਂ ਵਿੱਚ 10 ਕਰੋੜ ਦੀ ਲਾਗਤ ਨਾਲ 53 ਕਿਲੋਮੀਟਰ ਲੰਮੇ ਨਵੇਂ ਖਾਲੇ ਅਤੇ ਜ਼ਮੀਨਦੋਜ਼ ਪਾਈਪਾਂ ਦਾ ਜਾਲ ਵਿਛਾ ਕੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਆਓ ਦੇਖਦੇ ਹਾਂ ਕਿ ਸਿਆਸੀ ਰਸੂਖ ਵਾਲੇ ਇਸ ਹਲਕੇ ਵਿੱਚ ਵਿਕਾਸ ਦੀ ਇਹ ਲਹਿਰ ਲੋਕਾਂ ਦੀਆਂ ਉਮੀਦਾਂ ’ਤੇ ਕਿੰਨੀ ਖਰੀ ਉਤਰੀ ਹੈ।

ਚਾਰ ਸਾਲਾਂ ’ਚ ਹਲਕਾ ਲਹਿਰਾਗਾਗਾ ’ਚ ਸਰਕਾਰ ਨੇ ਕਰਵਾਏ ਲਾਮਿਸਾਲ ਕੰਮ : ਬਰਿੰਦਰ ਗੋਇਲ

ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕੇ ਦੀ ਪ੍ਰਗਤੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਇਤਿਹਾਸਕ ਕੰਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚੋਂ ਲੰਘਦੀ ਡਰੇਨ ਨੂੰ ਕਵਰ ਕਰਵਾਇਆ,  ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।

ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਨਾਲੀਆਂ ਨੂੰ ਕਵਰ ਕਰਨ ਦਾ ਪ੍ਰਾਜੈਕਟ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ ਇਸ ਦੇ ਨਾਲ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ,  ਲਹਿਰਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀ.ਐੱਲ) ਦੇ ਨਵੇਂ ਦਫਤਰ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਕੁੱਲ ਲਾਗਤ 4.69 ਕਰੋੜ ਰੁਪਏ ਹੋਵੇਗੀ ਅਤੇ ਇਹ ਪ੍ਰਾਜੈਕਟ 18 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ।

ਲਹਿਰਾਗਾਗਾ ਅਤੇ ਆਸ-ਪਾਸ ਦੇ ਖੇਤਰਾਂ ਦੇ ਵਸਨੀਕਾਂ ਨੂੰ ਬਿਹਤਰ, ਸੁਚੱਜੀਆਂ ਅਤੇ ਪਾਰਦਰਸ਼ੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 19.66 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅਤੇ ਆਧੁਨਿਕ ਤਹਿਸੀਲ ਕੰਪਲੈਕਸ, ਜਿਸ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 4 ਅਕਤੂਬਰ 2025 ਨੂੰ ਰੱਖਿਆ ਗਿਆ ਸੀ, ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ  ਲਹਿਰਾਗਾਗਾ ਵਿੱਚ 20.16 ਕਰੋੜ ਰੁਪਏ ਦੀ ਲਾਗਤ ਨਾਲ ਲੜਕੀਆਂ ਲਈ ਇੱਕ ਆਧੁਨਿਕ ਤੇ ਸ਼ਾਨਦਾਰ ਸਕੂਲ ਤਿਆਰ ਕੀਤਾ ਜਾ ਰਿਹਾ ਹੈ।  

ਉਨ੍ਹਾਂ ਹੋਰ ਦੱਸਿਆ ਕਿ ਇਸ ਸਾਲ 9 ਜਨਵਰੀ ਨੂੰ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦੇ ਪੰਜਾਬ ਸਰਕਾਰ ਵੱਲੋਂ ਲਏ ਗਏ ਇਤਿਹਾਸਕ ਫੈਸਲੇ ਦੀ ਲੜੀ ਤਹਿਤ ਲੋਕਾਂ ਨੂੰ ਫੌਰੀ ਤੌਰ ’ਤੇ ਮੈਡੀਕਲ ਸਹੂਲਤਾਂ ਦੇਣ ਲਈ ਲਹਿਰਾਗਾਗਾ ਵਿਚਲੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਵਿਖੇ, ਜਿਹੜਾ ਕਿ ਪਹਿਲਾਂ ਕਾਫੀ ਖਸਤਾ ਹਾਲ ਵਿੱਚ ਸੀ, ਦੀ ਕਾਇਆ ਕਲਪ ਉਪਰੰਤ, ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਸਹੂਲਤ ਸਮੇਤ ਓਪੀਡੀ ਅਤੇ ਆਈਪੀਡੀ ਸੇਵਾਵਾਂ 15 ਅਪਰੈਲ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਲਹਿਰਾਗਾਗਾ ਸ਼ਹਿਰ ਸਮੇਤ ਖੇਤਰ ਦੇ ਵੱਡੀ ਗਿਣਤੀ ਪਿੰਡਾਂ ਨੂੰ ਵੀ ਲਾਭ ਹੋਵੇਗਾ।

ਉਨ੍ਹਾਂ ਦੱਸਿਆ ਕਿ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਬਣਾਉਣਾ ਸਭ ਤੋਂ ਇਤਿਹਾਸਿਕ ਫੈਸਲਾ ਹੈ ਅਤੇ ਭੱਠਲ ਕਾਲਜ ਦੇ ਜੋ ਮੁਲਾਜ਼ਮ ਸਨ, ਉਹਨਾਂ ਨੂੰ ਵੀ ਵੱਖ-ਵੱਖ ਕਾਲਜਾਂ ਅਤੇ ਆਈਟੀਜ਼ ਦੇ ਵਿੱਚ ਐਡਜਸਟ ਕਰ ਦਿੱਤਾ ਗਿਆ ਹੈ। ਜਿਸ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਚੁੱਲੇ੍ਹ ਵੀ ਚੱਲਦੇ ਰਹਿਣ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਿੱਚ ਪੈਂਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ,  ਪਿੰਡਾਂ ਅਤੇ ਸ਼ਹਿਰਾਂ ਵਿੱਚ ਖਸਤਾ ਹਾਲਤ ਸੜਕਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਕਈਆਂ ’ਚ ਚੱਲ ਰਿਹਾ ਹੈ। 

ਸਕੂਲਾਂ ਵਿੱਚ ਮਾਸਟਰ ਤੇ ਹਸਪਤਾਲਾਂ ਵਿੱਚ ਨਹੀਂ ਡਾਕਟਰ : ਗਗਨਦੀਪ ਸਿੰਘ ਖੰਡੇਬਾਦ

Lehragaga-News-2

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ਼ ਗਗਨਦੀਪ ਸਿੰਘ ਖੰਡੇਬਾਦ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। ਹਲਕਾ ਲਹਿਰਾਗਾਗਾ ਅਤੇ ਪੂਰੇ ਪੰਜਾਬ ਵਿੱਚ ਕਈ ਇਹੋ ਜਿਹੇ ਸਕੂਲ ਹਨ, ਜਿੱਥੇ ਸਕੂਲਾਂ ਵਿੱਚ ਅਧਿਆਪਕ ਹੀ ਨਹੀਂ ਹਨ ਅਤੇ ਪਿੰਡਾਂ ਦੇ ਵਿੱਚ ਖੁੱਲ੍ਹੀਆਂ ਡਿਸਪੈਂਸਰੀਆਂ ਅਤੇ ਆਮ ਆਦਮੀ ਕਲੀਨਿਕ ਵਿੱਚ ਡਾਕਟਰ ਹੀ ਨਹੀਂ ਹਨ।

ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ : ਦੁਰਲਭ ਸਿੰਘ ਸਿੱਧੂ

Lehragaga-News-3

ਹਲਕਾ ਲਹਿਰਾਗਾਗਾ ਤੋਂ ਸੀਨੀਅਰ ਕਾਂਗਰਸੀ ਆਗੂ ਦੁਰਲੱਭ ਸਿੰਘ ਸਿੱਧੂ ਨੇ ਆਖਿਆ ਕਿ ਲਹਿਰਾਗਾਗਾ ਹਲਕੇ ਵਿੱਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਹੈ ਲਹਿਰਾ, ਖਨੌਰੀ ਅਤੇ ਕਈ ਪਿੰਡਾਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਭਾਰੀ ਕਮੀ ਹੈ। ਲੋਕਾਂ ਨੂੰ ਦਿਨ-ਰਾਤ ਸੰਘਰਸ਼ ਕਰਨਾ ਪੈਂਦਾ ਹੈ, ਕਈ ਥਾਵਾਂ ’ਤੇ ਗੰਦਾ ਜਾਂ ਅਸ਼ੁੱਧ ਪਾਣੀ ਮਿਲ ਰਿਹਾ ਹੈ। ਸਰਕਾਰ ਵੱਲੋਂ ਕੋਈ ਪੱਕਾ ਹੱਲ ਨਹੀਂ ਦਿੱਤਾ ਗਿਆ। 

ਸਿਰਫ਼ ਇਸ਼ਤਿਹਾਰਬਾਜ਼ੀ ਹੋ ਰਹੀ ਹੈ, ਵਿਕਾਸ ਨਹੀਂ : ਸ਼ੇਰਵਿੰਦਰ ਸਿੰਘ ਧਾਲੀਵਾਲ

Lehragaga-News-4

ਜ਼ਿਲ੍ਹਾ ਜਨਰਲ ਸਕੱਤਰ ਬੀਜੇਪੀ ਸੰਗਰੂਰ ਸ਼ੇਰਵਿੰਦਰ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਦੇ ਸੁਆਲ ਚੁੱਕਦੇ ਹੋਏ ਆਖਿਆ ਕਿ ਹਲਕੇ ਵਿੱਚ ਸਿਰਫ ਇਸ਼ਤਿਹਾਰਬਾਜ਼ੀ ਹੋ ਰਹੀ ਹੈ, ਵਿਕਾਸ ਨਹੀਂ। ਲਹਿਰਾਗਾਗਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਸਬੰਧੀ ਕਾਫੀ ਗੰਭੀਰ ਸਮੱਸਿਆ ਹੈ, ਕਈ ਪਿੰਡਾਂ ਵਿੱਚ ਅਤੇ ਲੋਕਲ ਸ਼ਹਿਰ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਘੱਗਰ ਦੇ ਹੜ੍ਹਾਂ ਦੌਰਾਨ ਕਿਸਾਨਾਂ ਨੂੰ ਹੁਣ ਤੱਕ ਸਹੀ ਮੁਆਵਜ਼ਾ ਤੱਕ ਨਹੀਂ ਮਿਲ ਸਕਿਆ। ਉਸ ਤੋਂ ਬਾਅਦ ਵੀ ਜੋ ਕਿਸਾਨਾਂ ’ਤੇ ਕੋਈ ਆਫਤ ਆਈ ਹੈ ਪੰਜਾਬ ਸਰਕਾਰ ਨੇ ਕਿਸੇ ਕਿਸਾਨ ਦੀ ਸਾਰ ਨਹੀਂ ਲਈ। 

About The Author

Related Posts