Fazilka News: ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ
ਸਮੇਂ ਸਿਰ ਸਾਵਧਾਨੀ ਅਤੇ ਇਲਾਜ ਨਾਲ ਬਚਾਅ ਸੰਭਵ
ਫਾਜ਼ਿਲਕਾ (ਰਜਨੀਸ਼ ਰਵੀ)। ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ’ਚ ਜ਼ਿਲ੍ਹਾ ਫਾਜ਼ਿਲਕਾ ’ਚ ਡਾ. ਕਵਿਤਾ ਸਿੰਘ ਸਿਵਲ ਸਰਜਨ ਦੀ ਦੇਖ ਰੇਖ ਵਿੱਚ 24 ਅਪ੍ਰੈਲ ਤੋਂ 28 ਅਪ੍ਰੈਲ ਤੱਕ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਤਹਿਤ ਸਿਹਤ ਵਿਭਾਗ ਵੱਲੋਂ ਪਿੰਡਾਂ, ਸਲਮ ਇਲਾਕਿਆਂ ਅਤੇ ਮਾਈਗ੍ਰੇਟਰੀ ਆਬਾਦੀ ਵਿੱਚ ਵਿਸ਼ੇਸ਼ ਤੌਰ ਤੇ ਟੀਮਾਂ ਭੇਜ ਕੇ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਡਾ ਕਵਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਮਲੇਰੀਆ ਦੇ ਰੋਕਥਾਮ ਅਤੇ ਸਮੇਂ ‘ਤੇ ਇਲਾਜ ਬਾਰੇ ਲੋਕਾਂ ਨੂੰ ਸਚੇਤ ਕਰਨਾ ਹੈ। ਸਿਹਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਮੱਛਰਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਸਮਝਾਉਣ ਅਤੇ ਜਿੱਥੇ ਵੀ ਸ਼ੱਕੀ ਬੁਖਾਰ ਦੇ ਮਰੀਜ਼ ਮਿਲਣ, ਉਨ੍ਹਾਂ ਦਾ ਤੁਰੰਤ ਟੈਸਟ ਕੀਤਾ ਜਾਵੇ।
ਇਸ ਦੌਰਾਨ ਆਰ.ਡੀ.ਟੀ. (Rapid Diagnostic Test) ਕਿੱਟਾਂ ਰਾਹੀਂ ਮਲੇਰੀਆ ਦੇ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਬਿਮਾਰੀ ਦੀ ਪਹਿਚਾਣ ਸ਼ੁਰੂਆਤੀ ਪੱਧਰ ‘ਤੇ ਹੀ ਕੀਤੀ ਜਾ ਸਕੇ। ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਬੁਖਾਰ, ਕੰਬਣ, ਪਸੀਨਾ ਆਉਣਾ ਜਾਂ ਸਰੀਰ ਦਰਦ ਦੀ ਸ਼ਿਕਾਇਤ ਹੋਵੇ, ਤਾਂ ਉਸਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ‘ਤੇ ਜਾ ਕੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਜਿਲਾ ਮਹਾਮਾਰੀ ਅਫਸਰ ਡਾਕਟਰ ਸੁਨੀਤਾ ਕੰਬੋਜ ਨੇ ਦੱਸਿਆ ਹੈ ਕਿ ਮਲੇਰੀਆ ਇੱਕ ਸੰਕਰਾਮਕ ਬਿਮਾਰੀ ਹੈ ਜੋ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਸ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਾਫ਼-ਸਫਾਈ ਰੱਖਣ, ਖੜ੍ਹਾ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਮੱਛਰਦਾਨੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਖ਼ਾਸ ਕਰਕੇ ਰਾਤ ਸਮੇਂ ਪੂਰੇ ਸਰੀਰ ਨੂੰ ਢੱਕ ਕੇ ਸੌਣਾ ਅਤੇ ਮੱਛਰ ਭਗਾਉਣ ਵਾਲੇ ਉਪਕਰਣ ਵਰਤਣਾ ਬਹੁਤ ਜ਼ਰੂਰੀ ਹੈ।
ਟੀਮ ਵੱਲੋਂ ਸਲਮ ਇਲਾਕਿਆਂ ਭੱਠੇ ਫੈਕਟਰੀ ਅਤੇ ਮਾਈਗ੍ਰੇਟਰੀ ਲੋਕਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚ ਮਲੇਰੀਆ ਦੇ ਫੈਲਣ ਦਾ ਖਤਰਾ ਵੱਧ ਹੁੰਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਟਾਇਰ, ਟੁੱਟੇ ਬਰਤਨ ਜਾਂ ਹੋਰ ਅਜਿਹੀਆਂ ਚੀਜ਼ਾਂ ਨਾ ਰੱਖਣ ਜਿਨ੍ਹਾਂ ਵਿੱਚ ਪਾਣੀ ਖੜ੍ਹਾ ਰਹਿ ਸਕਦਾ ਹੈ, ਕਿਉਂਕਿ ਇਹ ਮੱਛਰਾਂ ਦੇ ਪ੍ਰਜਨਨ ਲਈ ਵਾਤਾਵਰਣ ਤਿਆਰ ਕਰਦੀਆਂ ਹਨ।
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੇ ਇਸ ਅਭਿਆਨ ਵਿੱਚ ਸਹਿਯੋਗ ਦੇਣ ਅਤੇ ਆਪਣੇ ਪਰਿਵਾਰ ਅਤੇ ਪੜੋਸੀਆਂ ਨੂੰ ਵੀ ਮਲੇਰੀਆ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸਾਵਧਾਨੀ ਅਤੇ ਇਲਾਜ ਨਾਲ ਮਲੇਰੀਆ ਤੋਂ ਪੂਰੀ ਤਰ੍ਹਾਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ ਹੋਵੇ ਤਾਂ ਨੇੜੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣਾ ਟੈਸਟ ਅਤੇ ਇਲਾਜ ਮੁਫ਼ਤ ਕਰਵਾਏ।
