Special Blood Donation Camp: ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਲੱਗਾ ਵਿਸ਼ੇਸ਼ ਕੈਂਪ, ਜਾਣੋ ਕਿੰਨੇ ਯੂਨਿਟ ਹੋਇਆ ਖੂਨਦਾਨ?
ਖੂਨਦਾਨੀਆਂ ਲਈ ਵਿਸ਼ੇਸ਼ ਤੌਰ ’ਤੇ ਸਿਹਤ ਸੰਬੰਧੀ ਜਾਂਚ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ
(ਭੂਸ਼ਨ ਸਿੰਗਲਾ, ਦੁਰਗਾ ਸਿੰਗਲਾ) ਪਾਤੜਾਂ। ਸਮਾਜ ਸੇਵਾ ਦੇ ਉਦੇਸ਼ ਨਾਲ ਸਾਂਝ ਗਲੋਬਲ ਫਾਊਂਡੇਸ਼ਨ ਵੱਲੋਂ ਪਾਠਸ਼ਾਲਾ ਇੰਸਟੀਟਿਊਟ, ਪਾਤੜਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਖਾਸ ਤੌਰ ’ਤੇ ਗਰਮੀ ਕਾਰਨ ਐਮਰਜੈਸੀ ਹਾਲਾਤਾਂ ਦੌਰਾਨ ਹਸਪਤਾਲਾਂ ਵਿੱਚ ਪੈਦਾ ਹੋ ਰਹੀ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਲਗਾਇਆ ਗਿਆ, ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਕਾਰਨ ਆਪਣੀ ਜਾਨ ਨਾ ਗੁਆਉਣੀ ਪਵੇ।
ਇਸ ਮਹੱਤਵਪੂਰਨ ਸਮਾਗਮ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਸ਼ਮਸੇਰ ਸਿੰਘ ਗੁੱਡੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਕੈਂਪ ਦਾ ਜਾਇਜ਼ਾ ਲਿਆ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ, ਜਿਸ ਨਾਲ ਅਨੇਕਾਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: IMD Weather Punjab: ਪੰਜਾਬ ’ਚ ਗਰਮੀ ਦਾ ਕਹਿਰ, 7 ਜ਼ਿਲ੍ਹਿਆਂ ’ਚ Heatwave ਦਾ ਅਲਰਟ
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ ’ਤੇ ਖੂਨਦਾਨ ਕਰਕੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ। ਕੈਂਪ ਦੌਰਾਨ ਪਟਿਆਲਾ ਤੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪੂਰੀ ਸਾਵਧਾਨੀ ਅਤੇ ਮੈਡੀਕਲ ਮਾਪਦੰਡਾਂ ਅਨੁਸਾਰ ਖੂਨ ਇਕੱਤਰ ਕੀਤਾ ਗਿਆ। ਇਸ ਦੌਰਾਨ 30 ਤੋਂ ਵੱਧ ਸਿਹਤਮੰਦ ਨੌਜਵਾਨਾਂ ਨੇ ਵੱਡੇ ਉਤਸ਼ਾਹ ਨਾਲ ਖੂਨਦਾਨ ਕਰਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਕੈਂਪ ਵਿੱਚ ਆਏ ਖੂਨਦਾਨੀਆਂ ਲਈ ਵਿਸ਼ੇਸ਼ ਤੌਰ ’ਤੇ ਸਿਹਤ ਸੰਬੰਧੀ ਜਾਂਚ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਮੌਕੇ ਸਾਂਝ ਗਲੋਬਲ ਫਾਊਂਡੇਸ਼ਨ ਆਗੂ ਗੁਰਪਿਆਰ ਸਿੰਘ ਦਿਉਗੜ੍ਹ ਵੱਲੋਂ ਪਾਠਸ਼ਾਲਾ ਇੰਸਟੀਟਿਊਟ ਦੇ ਪ੍ਰਬੰਧਕਾਂ, ਸਮੂਹ ਸਟਾਫ ਅਤੇ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਇੱਕ ਸਿਹਤਮੰਦ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਬਲੱਡ ਬੈਂਕਾਂ ਵਿੱਚ ਖੂਨ ਦੀ ਕੋਈ ਘਾਟ ਨਾ ਰਹੇ ਅਤੇ ਕਿਸੇ ਵੀ ਮਰੀਜ਼ ਨੂੰ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਿਸੇਸ਼ ਤੌਰ ’ਤੇ ਮਾ ਅਮਿਤ ਡਰੈਕਟਲ ਪਾਠਸਾਲਾ, ਹਰਬੰਸ ਸਿੰਘ ਬੰਗੇ ਬੂਟ ਹਾਉਸ, ਸਮਾਜ ਸੇਵੀ ਅਤੁਲ ਸ਼ਰਮਾ ਹਨੀ , ਮਨਦੀਪ ਸਰਮਾ, ਪ੍ਰੇਮ ਸਿੰਘ ਦਿਉਗੜ੍ਹ ਸਮੇਤ ਕਈ ਹੋਰ ਸਮਾਜ ਸੇਵੀ ਨੌਜਵਾਨ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਅਤੇ ਕੈਂਪ ਦੀ ਸਫਲਤਾ ਵਿੱਚ ਆਪਣਾ ਯੋਗਦਾਨ ਦਿੱਤਾ।
