Farmers Protest: ਕਣਕ ਨਾ ਵਿਕਣ ਕਾਰਨ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਭਲਕੇ ਡੀਸੀ ਦਫਤਰ ਅੱਗੇ ਲਾਉਣਗੇ ਧਰਨਾ
ਦੇਸ਼ ਦਾ ਅੰਨਦਾਤਾ ਪੁੱਤਾਂ ਵਾਂਗੂ ਪਾਲੀ ਫਸਲ ਲੈ ਕੇ ਮੰਡੀਆਂ 'ਚ ਰੁਲ ਰਿਹਾ : ਕਿਸਾਨ
ਅਨਾਜ ਮੰਡੀ 'ਚ ਕਿਸਾਨਾਂ ਨਾਲ ਰੋਜ਼ਾਨਾ ਗੱਲਬਾਤ ਕਰ ਰਹੇ ਨੇ ਰਾਜਸੀ ਆਗੂ
Farmers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਕਈ ਦਿਨਾਂ ਤੋਂ ਆਪਣੀ ਕਣਕ ਨਾ ਵਿਕਣ ਕਾਰਨ ਕਿਸਾਨ ਬੇਹੱਦ ਪਰੇਸ਼ਾਨ ਹੋ ਰਹੇ ਹਨ ਅਤੇ ਸਰਕਾਰਾਂ ਪ੍ਰਤੀ ਉਹਨਾਂ ਦਾ ਗੁੱਸਾ ਵੀ ਵਧਦਾ ਜਾ ਰਿਹਾ ਹੈ। ਬੀਤੇ ਕੱਲ੍ਹ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਅਨਾਜ ਮੰਡੀ ਸੁਨਾਮ ਵਿਖੇ ਰੋਸ ਧਰਨਾ ਲਾਇਆ ਗਿਆ ਅਤੇ ਵੱਡੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਸੀ। ਅੱਜ ਕਿਸਾਨਾਂ ਨੇ ਭਲਕੇ ਡੀਸੀ ਦਫਤਰ ਅੱਗੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਨਾਮ ਬਲਾਕ ਵੱਲੋਂ ਬਲਾਕ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਦੀ ਅਗਵਾਈ ਹੇਠ ਸੁਨਾਮ ਬਲਾਕ ਦੇ ਇਕ ਦਰਜਨ ਪਿੰਡਾਂ ਵਿੱਚ ਬੈਨ ਪ੍ਰਚਾਰ ਰਾਹੀਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ।
ਇਹ ਵੀ ਪੜ੍ਹੋ: Sunam Wheat Fire: ਸੁਨਾਮ 'ਚ ਅੱਗ ਲੱਗਣ ਕਾਰਨ ਕਈ ਏਕੜ ਕਣਕ ਸੁਆਹ
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਦੇ ਸੱਦੇ ’ਤੇ ਮਿਤੀ 16 ਅਪਰੈਲ ਨੂੰ ਡੀਸੀ ਦਫਤਰ ਸੰਗਰੂਰ ’ਤੇ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਕਣਕ ਦੀ ਮਾੜੀ ਖਰੀਦ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਰੁਲ ਰਿਹਾ ਹੈ ਜੇਕਰ ਧਰਨੇ ਤੋਂ ਬਾਅਦ ਸਰਕਾਰ ਨਾ ਜਾਗੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਅਨਾਜ ਮੰਡੀ ਦੇ ਵਿੱਚ ਪੁੱਜ ਰਹੇ ਹਨ ਅਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੀ ਫ਼ਸਲ ਨਾ ਵਿਕਣ ਦਾ ਦੁੱਖ ਸਾਂਝਾ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਵੀ ਸਰਕਾਰਾਂ ਪ੍ਰਤੀ ਰੋਸ ਜਾਹਿਰ ਕੀਤਾ ਜਾ ਰਿਹਾ ਹੈ।
