Fire Accident: ਕਰਿਆਨਾ ਦੁਕਾਨ ’ਚ ਲੱਗੀ ਭਿਆਨਕ ਅੱਗ, ਪਿਓ-ਪੁੱਤ ਦੀ ਮੌਤ

ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ

Satinder Mathur  Picture
Published On

Fire Accident:

Fire Accident
Fire Accident

ਪਠਾਨਕੋਟ। ਪਠਾਨਕੋਟ ਦੇ ਹਲਕਾ ਭੋਆ ਵਿੱਚ ਵੀਰਵਾਰ ਤੜਕੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਕਰਿਆਨਾ ਦੁਕਾਨ ਵਿੱਚ ਅੱਗ ਲੱਗਣ ਕਾਰਨ ਦੁਕਾਨ ਮਾਲਕ ਅਤੇ ਉਸਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ਾਮ ਸ਼ਰਮਾ ਅਤੇ ਉਨ੍ਹਾਂ ਦੇ ਬੇਟੇ ਦੀਕਸ਼ੂ ਵਜੋਂ ਹੋਈ ਹੈ। ਸਥਾਨਕ ਲੋਕਾਂ ਮੁਤਾਬਕ ਸਵੇਰ ਦੇ ਸਮੇਂ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਬਾਰ-ਬਾਰ ਆ-ਜਾ ਰਹੀ ਸੀ, ਜਿਸ ਕਾਰਨ ਦੁਕਾਨ ਵਿੱਚ ਸ਼ਾਰਟ ਸਰਕਟ ਹੋ ਗਿਆ। ਦੁਕਾਨ ਅੰਦਰ ਰੱਖੇ ਇਨਵਰਟਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਕਾਰਨ ਅੱਗ ਨੇ ਤੇਜ਼ੀ ਫੜ ਲਈ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਤੇ ਜ਼ਹਿਰੀਲਾ ਧੂੰਆਂ ਉੱਪਰਲੀ ਮੰਜ਼ਿਲ ਤੱਕ ਫੈਲ ਗਿਆ। ਦੋਵੇਂ ਪਿਓ-ਪੁੱਤ ਆਪਣੀ ਦੁਕਾਨ ਨੂੰ ਬਚਾਉਣ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਅੰਦਰੇ ਹੀ ਬੁਰੀ ਤਰ੍ਹਾਂ ਫਸ ਗਏ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ’ਚ ਪਾਣੀ ਦੀ ਬਰਬਾਦੀ ’ਤੇ ਸਖ਼ਤੀ, 600 ਤੋਂ ਵੱਧ ਲੋਕਾਂ ਨੂੰ ਨੋਟਿਸ

ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਅਤੇ ਜ਼ਹਿਰੀਲੇ ਧੂੰਏਂ ਦੇ ਗੁਬਾਰ ਤੋਂ ਬਚਣ ਲਈ ਸ਼ਾਮ ਸ਼ਰਮਾ ਅਤੇ ਉਨ੍ਹਾਂ ਦਾ ਬੇਟਾ ਤੀਜੀ ਮੰਜ਼ਿਲ ’ਤੇ ਬਣੀ ਮੰਮਟੀ (ਛੱਤ ਵੱਲ ਜਾਣ ਵਾਲੇ ਰਸਤੇ) ਵੱਲ ਭੱਜੇ। ਉਨ੍ਹਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਧੂੰਏਂ ਅਤੇ ਗੈਸ ਦੇ ਭਾਰੀ ਦਬਾਅ ਕਾਰਨ ਦਰਵਾਜ਼ਾ ਨਹੀਂ ਖੁੱਲ੍ਹ ਸਕਿਆ। ਬਾਹਰ ਮੌਜ਼ੂਦ ਪਿੰਡ ਵਾਸੀਆਂ ਨੇ ਜਦੋਂ ਦੋਵਾਂ ਦੇ ਫਸੇ ਹੋਣ ਦੀ ਆਸ਼ੰਕਾ ਜਤਾਈ, ਤਾਂ ਕੁਝ ਨੌਜਵਾਨਾਂ ਨੇ ਪੌੜੀਆਂ ਦੇ ਸਹਾਰੇ ਉੱਪਰ ਚੜ੍ਹ ਕੇ ਹਥੌੜੇ ਨਾਲ ਮੰਮਟੀ ਦਾ ਦਰਵਾਜ਼ਾ ਤੋੜਿਆ। ਦਰਵਾਜ਼ਾ ਖੁੱਲ੍ਹਣ 'ਤੇ ਦੋਵੇਂ ਅੰਦਰ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ.ਐੱਮ.ਓ. ਡਾਕਟਰ ਸੁਨੀਲ ਸਰ ਨੇ ਪੁਸ਼ਟੀ ਕੀਤੀ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Related Posts