Anganwadi News: ਆਂਗਣਵਾੜੀ ਵਰਕਰਾਂ ਨੂੰ ਸਰਕਾਰ ਕਰ ਰਹੀ ਪਰੇਸ਼ਾਨ : ਹਰਗੋਬਿੰਦ ਕੌਰ
ਕਿਹਾ, ਪੰਜਾਬ ਸਰਕਾਰ ਵਰਕਰਾਂ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ
Anganwadi News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਵੱਖ-ਵੱਖ ਸਕੀਮਾਂ ’ਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ’ਚ ਲਾਈਆਂ ਜਾ ਰਹੀਆਂ ਹਨ ਜਿਵੇਂ ਡਰੱਗ ਸਰਵੇ, ਆਰਥਿਕ ਜਨਗਣਨਾ, ਮੇਨ ਜਨਗਣਨਾ, (ਸੈਂਸਸ) ’ਚ ਡਿਊਟੀ ਲਾਈ ਜਾ ਰਹੀ ਹੈ ਜਦਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ’ਚ ਆਂਗਣਵਾੜੀ ਵਰਕਰਾਂ ਨੂੰ ਪਹਿਲਾਂ ਤੋਂ ਹੀ ਝੋਕਿਆ ਹੋਇਆ ਹੈ।
ਇੱਕ ਪਾਸੇ ਵਿਭਾਗ ਦੀ ਮੰਤਰੀ ਬਲਜੀਤ ਕੌਰ ਵਿਧਾਨ ਸਭਾ ’ਚ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰ ਕੇਵਲ ਚਾਰ ਘੰਟੇ ਕੰਮ ਕਰਦੀਆਂ ਹਨ ਅਤੇ ਇਹ ਸੋਸ਼ਲ ਵਰਕਰ ਹਨ, ਮਾਣਭੱਤੇ ’ਤੇ ਕੰਮ ਕਰਦੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਚਿੱਠੀਆਂ ਕੱਢ ਕੇ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਰਹੀ ਹੈ ਅਤੇ ਇੱਕ ਚਿੱਠੀ ਕੱਢੀ ਗਈ ਹੈ ਕਿ ਆਂਗਣਵਾੜੀ ਵਰਕਰ ਐਤਵਾਰ ਵੀ ਛੁੱਟੀ ਨਹੀਂ ਕਰਨਗੀਆਂ, ਉਹ ਮਾਵਾਂ ਧੀਆਂ ਯੋਜਨਾ ਦੇ ਸਤਿਕਾਰ ਯੋਜਨਾ ’ਚ ਫਾਰਮ ਭਰਨ ਗਈਆਂ। ਨਾਲ ਹੀ ਜੋ ਮਾਵਾਂ ਧੀਆਂ ਸਕੀਮ ਹੈ ਉਸ ਲਈ ਚਿੱਠੀ ਕੱਢੀ ਹੈ ਕਿ ਜੇਕਰ ਆਂਗਣਵਾੜੀ ਵਰਕਰ ਨੇ ਸਖੀ ਦੇ ਕੋਡ ਨੰਬਰ ਤੋਂ ਬਿਨਾਂ ਕੋਈ ਫਾਰਮ ਆਪਣੇ-ਆਪ ਭਰ ਦਿੱਤਾ ਤਾਂ ਉਸਨੂੰ ਆਂਗਣਵਾੜੀ ਵਰਕਰ ਨੂੰ 25 ਰੁਪਏ ਵੀ ਨਹੀਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Blackout News: 24 ਅਪ੍ਰੈਲ ਨੂੰ ਬਲੈਕ ਆਊਟ ਦਾ ਐਲਾਨ, ਡੀਸੀ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਸਖੀ ਨੂੰ 300 ਰੁਪਏ ਪ੍ਰਤੀ ਲਾਭਪਾਤਰੀ ਆਂਗਣਵਾੜੀ ਵਰਕਰ ਨੂੰ 25 ਰੁਪਏ ਪ੍ਰਤੀ ਲਾਭਪਾਤਰੀ ਅਤੇ ਹੈਲਪ ਕਰਨ ਨੂੰ ਕੁਝ ਵੀ ਨਹੀਂ ਦੇ ਰਹੀ। ਉਨਾਂ ਕਿਹਾ ਕਿ ਸਰਕਾਰ ਸਤਿਕਾਰ ਸਖੀ ਤੋਂ ਹੀ ਫਾਰਮ ਭਰਾ ਲਵੇ ਤੇ ਉਸਨੂੰ ਹੀ 25 ਰੁਪਏ ਦੇਵੇ। ਆਂਗਣਵਾੜੀ ਵਰਕਰ ਇਹ ਕੰਮ ਨਹੀਂ ਕਰਨਗੀਆਂ। ਪੰਜਾਬ ਸਰਕਾਰ ਵਰਕਰਾਂ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ। ਜੇਕਰ ਸਰਕਾਰ ਨੇ ਧੱਕਾ ਬੰਦ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਡਾਇਰੈਕਟਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
