PSPCL Power Cuts News: ਸੂਬੇ ਅੰਦਰ ਬਿਜਲੀ ਦੀ ਮੰਗ 10800 ਮੈਗਾਵਾਟ ਨੇੜੇ ਪੁੱਜੀ, ਐਲਾਨੇ ਕੱਟਾਂ ਕਾਰਨ ਹਾਹਾਕਾਰ
ਦੁਪਹਿਰ ਮੌਕੇ ਚੱਲ ਰਹੀ ਤੱਤੀ ’ਵਾ ਕਾਰਨ ਲੋਕਾਂ ਨੂੰ ਕਰਨਾ ਪੈ ਰਿਹੈ ਮੁਸ਼ਕਿਲਾਂ ਦਾ ਸਾਹਮਣਾ
ਕਈ ਜ਼ਿਲ੍ਹਿਆਂ ਨੂੰ 25 ਅਪਰੈਲ ਤੱਕ ਸਹਿਣੇ ਪੈਣਗੇ ਕੱਟ
PSPCL Power Cuts News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਗਰਮੀ ਦੇ ਜੋਰ ਫੜਦਿਆ ਹੀ ਬਿਜਲੀ ਦੀ ਮੰਗ ਲਗਾਤਾਰ ਉੱਪਰ ਜਾ ਰਹੀ ਹੈ। ਭਾਵੇਂ ਕਿ ਪਾਵਰਕੌਮ ਵੱਲੋਂ ਅੱਜ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੁਰੰਮਤ ਦੇ ਨਾਮ ’ਤੇ ਕੱਟਾਂ ਦਾ ਐਲਾਨ ਕੀਤਾ ਹੈ ਬਾਵਜ਼ੂਦ ਇਸ ਦੇ ਬਿਜਲੀ ਦੀ ਮੰਗ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇੱਧਰ ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ 15 ਵਿੱਚੋਂ 14 ਯੂਨਿਟ ਚੱਲ ਰਹੇ ਹਨ।
ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਅੰਦਰ ਅੱਜ ਸਵੇਰੇ ਬਿਜਲੀ ਦੀ ਮੰਗ 10800 ਮੈਗਾਵਾਟ ’ਤੇ ਪੁੱਜ ਗਈ। ਜਦਕਿ ਲੰਘੇ ਦਿਨੀਂ ਬਿਜਲੀ ਦੀ ਵੱਧ ਤੋਂ ਵੱਧ ਮੰਗ 10295 ਮੈਗਾਵਾਟ ਸੀ। ਅੱਜ ਵੱਖ-ਵੱਖ ਜ਼ਿਲ੍ਹਿਆਂ ਅੰਦਰ ਲੱਗੇ ਬਿਜਲੀ ਕੱਟਾਂ ਕਰਕੇ ਦੁਪਿਹਰ ਮੌਕੇ ਵੀ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ’ਤੇ ਚੱਲ ਰਹੀ ਸੀ। ਪਾਵਰਕੌਮ ਵੱਲੋਂ ਮੁਰੰਮਤ ਦੇ ਨਾਮ ’ਤੇ ਬਿਜਲੀ ਕੱਟਾਂ ਦੇ ਕੀਤੇ ਐਲਾਨ ਕਾਰਨ ਆਮ ਲੋਕਾਂ ਵਿੱਚ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ ਅਤੇ ਦੁਕਾਨਾਂ ਅਤੇ ਹੋਰ ਕਾਰੋਬਾਰੀਆਂ ਵੱਲੋਂ ਲਾਈਟ ਨਾ ਹੋਣ ਕਰਕੇ ਕੰਮ ਧੰਦੇ ਠੱਪ ਹੋਣ ਦੀ ਗੱਲ ਆਖੀ ਗਈ ਹੈ। ਸ਼ਾਮ 5 ਵਜੇ ਦੇ ਡਾਟੇ ਮੁਤਾਬਕ ਪਾਵਰਕੌਮ ਦੇ ਸਰਕਾਰੀ ਥਰਮਲਾਂ ਵੱੱਲੋਂ 1715 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ: Anganwadi News: ਆਂਗਣਵਾੜੀ ਵਰਕਰਾਂ ਨੂੰ ਸਰਕਾਰ ਕਰ ਰਹੀ ਪਰੇਸ਼ਾਨ : ਹਰਗੋਬਿੰਦ ਕੌਰ
ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿੱਚੋਂ 3 ਯੂਨਿਟ ਚੱਲ ਰਹੇ ਹਨ ਜਦਕਿ ਇੱਕ ਯੂਨਿਟ ਬੰਦ ਪਿਆ ਹੈ। ਰੋਪੜ ਥਰਮਲ ਪਲਾਂਟ 408 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਚੱਲ ਰਹੇ ਹਨ ਅਤੇ ਇੱਥੋਂ 800 ਮੈਗਾਵਾਟ ਤੋਂ ਵੱਧ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਹਨ ਅਤੇ ਇੱਥੋਂ 500 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਹੋ ਰਹੀ ਹੈ।
ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਆਪਣੀ ਪੂਰੀ ਸਮਰਥਾ ’ਤੇ ਭਖਿਆ ਹੋਇਆ ਹੈ ਅਤੇ ਇਸ ਦੇ ਦੋਵੇਂ ਯੂਨਿਟਾਂ ਤੋਂ 1300 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟਾਂ ਤੋਂ 1514 ਮੈਗਾਵਾਟ ਬਿਜਲੀ ਮਿਲ ਰਹੀ ਹੈ। ਅੱਜ ਤੋਂ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਖੇ ਪਾਵਰਕੌਮ ਦੇ ਸਡਿਊਲ ਮੁਤਾਬਿਕ ਕੱਟ ਸ਼ੁਰੂ ਹੋ ਗਏ ਹਨ, ਜਿਸ ਕਾਰਨ ਇੱਥੋਂ ਦੇ ਲੋਕਾਂ ਵਿੱਚ ਕਈ ਘੰਟੇ ਬਿਜਲੀ ਨਾ ਆਉਣ ਕਾਰਨ ਮੁਸ਼ਕਿਲਾਂ 25 ਅਪਰੈਲ ਤੱਕ ਬਣੀਆਂ ਰਹਿਣਗੀਆਂ। ਅਧਿਕਾਰੀਆਂ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਬਿਜਲੀ ਲਾਇਨਾਂ ਦੀ ਮੁਰੰਮਤ ਕਾਰਨ ਬਿਜਲੀ ਬੰਦ ਰੱਖਣ ਦੀ ਗੱਲ ਆਖੀ ਗਈ ਹੈ।
ਹਾਈਡਲ ਪ੍ਰੋਜੈਕਟਾਂ ਤੋਂ ਘੱਟ ਹਾਸਲ ਹੋ ਰਹੀ ਐ ਬਿਜਲੀ
ਜੇਕਰ ਪਾਵਰਕੌਮ ਦੇ ਹਾਈਡਲ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ 154 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਸ਼ਾਨਨ ਹਾਈਡਲ ਤੋਂ 100 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਛੋਟੇ ਮੋਟੇ ਹੋਰ ਚੱਲ ਰਹੇ ਹਨ। 600 ਮੈਗਾਵਾਟ ਦੇ ਆਰਐੱਸਡੀ ਹਾਈਡਲ ਪ੍ਰੋਜੈਕਟ ਦੇ ਸਾਰੇ ਯੂਨਿਟ ਬੰਦ ਪਏ ਹਨ ਅਤੇ ਇੱਥੋਂ ਬਿਲਕੁੱਲ ਵੀ ਬਿਜਲੀ ਹਾਸਲ ਨਹੀਂ ਕੀਤੀ ਜਾ ਰਹੀ।
