Electricity Cuts Punjab: ਗਰਮੀ ਤੋਂ ਪਹਿਲਾਂ ਹੀ 'ਬਿਜਲੀ ਗੁੱਲ', ਰਾਜੂ ਖੰਨਾ ਨੇ ਪੰਜਾਬ ਸਰਕਾਰ ਨੂੰ ਘੇਰਿਆ

15 ਤੋਂ 18 ਘੰਟੇ ਦੇ ਕੱਟਾਂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ, ਸਰਕਾਰ ਸੁਧਾਰ ਨਹੀਂ ਕਰਦੀ ਤਾ ਘਿਰਾਓ ਕਰਾਂਗੇ

Satinder Mathur  Picture
Published On

Electricity Cuts Punjab: (ਅਨਿਲ ਲੁਟਾਵਾ) ਅਮਲੋਹ। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੰਜਾਬ ’ਚ ਬਿਜਲੀ ਦੇ ਲੰਮੇ ਕੱਟਾਂ ’ਤੇ ‘ਆਪ’ ਸਰਕਾਰ ਨੂੰ ਘੇਰਿਆ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਸੂਬੇ ’ਚ ਅਜੇ ਗਰਮੀ ਨੇ ਅੱਤ ਕਰਵਾਉਣੀ ਹੈ, ਪਰ ਬਿਜਲੀ ਪਹਿਲਾਂ ਹੀ ਗੁੱਲ ਹੋਣੀ ਸ਼ੁਰੂ ਹੋ ਗਈ ਹੈ। 15 ਤੋਂ 18 ਘੰਟੇ ਦੇ ਕੱਟਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਤੇ ਜਾਪਦਾ ਹੈ ਕਿ ਸਰਕਾਰ ਦੇ ਬਿਜਲੀ ਪ੍ਰਬੰਧ ਲੜਖੜਾ ਚੁੱਕੇ ਹਨ। 

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਲਈ ਰਾਤ ਨੂੰ ਕੁਝ ਘੰਟੇ ਹੀ ਬਿਜਲੀ ਮਿਲ ਰਹੀ ਹੈ ਜੋ ਮੱਕੀ, ਹਰੇ ਚਾਰੇ ਤੇ ਹੋਰ ਫਸਲਾਂ ਲਈ ਕਾਫ਼ੀ ਨਹੀਂ। ਜਿਨ੍ਹਾਂ ਪਿੰਡਾਂ ਨੂੰ 24 ਘੰਟੇ ਸਪਲਾਈ ਦਾ ਦਾਅਵਾ ਸੀ, ਉੱਥੇ ਵੀ 15 ਤੋਂ 18 ਘੰਟੇ ਕੱਟ ਲੱਗ ਰਹੇ ਹਨ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਨੂੰ 24 ਘੰਟੇ ਨਿਰਵਿਘਨ ਬਿਜਲੀ ਸਿਰਫ਼ ਅਕਾਲੀ ਦਲ ਦੀ ਸਰਕਾਰ ਨੇ ਦਿੱਤੀ ਸੀ ਤੇ ਸੂਬੇ ਨੂੰ ਸਰਪਲਸ ਬਣਾਇਆ ਸੀ। ਕਾਂਗਰਸ ਤੇ ‘ਆਪ’ ਸਰਕਾਰਾਂ ਦੇ ਰਾਜ ’ਚ ਸੂਬਾ ਪਿੱਛੇ ਗਿਆ ਹੈ।

ਇਹ ਵੀ ਪੜ੍ਹੋ: Robbery Gang Arrested: ਪਟਿਆਲਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

‘ਆਪ’ ਸਰਕਾਰ ਨੇ ਨਵੇਂ ਥਰਮਲ ਪਲਾਂਟ ਲਗਾਉਣ ਦੀ ਬਜਾਏ ਅਕਾਲੀ ਰਾਜ ’ਚ ਲੱਗੇ ਪਲਾਂਟ ਹੀ ਬੰਦ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਇੰਡਸਟਰੀ, ਉਦਯੋਗਪਤੀ, ਕਿਸਾਨ, ਮਜ਼ਦੂਰ, ਵਪਾਰੀ, ਵਿਦਿਆਰਥੀ ਤੇ ਘਰੇਲੂ ਲੋਕ ਸਭ ਮੁਸ਼ਕਿਲ ’ਚ ਹਨ। ਅਧਿਕਾਰੀਆਂ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ। ਰਾਜੂ ਖੰਨਾ ਨੇ ਚੇਤਾਵਨੀ ਦਿੱਤੀ ਕਿ ਜੇ ਆਉਣ ਵਾਲੇ ਦਿਨਾਂ ’ਚ ਬਿਜਲੀ ਸਪਲਾਈ ’ਚ ਸੁਧਾਰ ਨਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਤੇ ਆਮ ਲੋਕਾਂ ਨੂੰ ਨਾਲ ਲੈ ਕੇ ਘਿਰਾਓ ਤੇ ਪ੍ਰਦਰਸ਼ਨ ਕਰੇਗਾ ਅਤੇ ਸਰਕਾਰ ਨੂੰ ਜਵਾਬਦੇਹ ਬਣਾਏਗਾ।

Electricity Cuts Punjab
ਅਮਲੋਹ: ਗੁਰਪ੍ਰੀਤ ਸਿੰਘ ਰਾਜੂ ਖੰਨਾ, ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ। ਤਸਵੀਰ : ਅਨਿਲ ਲੁਟਾਵਾ

About The Author

Related Posts