Dengue Prevention Punjab: ਡੇਂਗੂ ਰੋਕਥਾਮ ਲਈ ਲੋਕਾਂ ਦੀ ਭਾਗੀਦਾਰੀ ਜ਼ਰੂਰੀ: ਸਿਹਤ ਮੰਤਰੀ
ਡੇਂਗੂ ਨੂੰ ਰੋਕਣ ਲਈ ਰਾਜ ਪੱਧਰੀ ਮੁਹਿੰਮ ਦੀ ਪਟਿਆਲਾ ਤੋਂ ਸ਼ੁਰੂਆਤ
Dengue Prevention Punjab: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਬਾਜਵਾ ਕਲੋਨੀ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਨ ਸਿਹਤ ਜਾਗਰੂਕਤਾ ਅਤੇ ਬਿਮਾਰੀ ਰੋਕਥਾਮ ਮੁਹਿੰਮ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ। ਇਹ ਮੁਹਿੰਮ ਖਾਸ ਤੌਰ ’ਤੇ ਡੇਂਗੂ ਅਤੇ ਪੀਣ ਵਾਲੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ’ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ: Farmers Relief Punjab: ਕਿਸਾਨਾਂ ਲਈ ਵੱਡੀ ਰਾਹਤ! ਦਮਨ ਬਾਜਵਾ ਨੇ ਮੂੰਹ ਮਿੱਠਾ ਕਰਵਾ ਕੇ ਇੰਝ ਸਾਂਝੀ ਕੀਤੀ ਕਿਸਾਨਾਂ ਦੀ ਖੁਸ਼ੀ
ਇਸ ਮੌਕੇ ਸਿਹਤ ਮੰਤਰੀ ਨੇ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਡੇਂਗੂ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਾਅ ਲਈ ਲੋਕਾਂ ਦੀ ਸਾਂਝੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਡੇਂਗੂ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਰਾਜ ਪੱਧਰੀ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਜਾਗਰੂਕਤਾ, ਨਿਗਰਾਨੀ ਅਤੇ ਤੁਰੰਤ ਇਲਾਜ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਮਾਹੌਲ ਹੀ ਤੰਦਰੁਸਤ ਜੀਵਨ ਦੀ ਬੁਨਿਆਦ ਹੈ। ਉਨ੍ਹਾਂ ਅਪੀਲ ਕੀਤੀ ਕਿ ਘਰਾਂ ਅਤੇ ਆਲੇ-ਦੁਆਲੇ ਖੜ੍ਹਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਮੱਛਰਾਂ ਦੀ ਪੈਦਾਵਾਰ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣਾ, ਟੈਂਕੀਆਂ ਦੀ ਸਫਾਈ ਕਰਨਾ ਅਤੇ ਆਲੇ-ਦੁਆਲੇ ਸਫਾਈ ਬਣਾਈ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਪੀਣ ਵਾਲੇ ਪਾਣੀ ਦੀ ਸਫਾਈ ’ਤੇ ਖਾਸ ਧਿਆਨ ਦਿੱਤਾ ਜਾਵੇ, ਕਿਉਂਕਿ ਗੰਦਾ ਪਾਣੀ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਹਰ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਕਰ ਸਕੇ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਸਮੇਂ ’ਤੇ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਮੁਹਿੰਮ ਦੇ ਤਹਿਤ ਘਰ-ਘਰ ਜਾ ਕੇ ਵੀ ਜਾਗਰੂਕਤਾ ਫੈਲਾਈ ਗਈ ਹੈ। ਇਸ ਮੌਕੇ ਐਸ ਡੀ ਐਮ ਹਰਜੋਤ ਕੌਰ ਡਾ ਸ਼ੈਲੀ ਜੇਟਲੀ, ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਮੀਤ ਸਿੰਘ, ਐਸ ਐਮ ਓ ਡਾ ਪਰਨੀਤ ਕੌਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
