Jalalabad News: ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਤੇ ਮੰਡੀ ਘੁਬਾਇਆ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ
ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਰਕਾਰ ਵਚਨਬੱਧ: ਵਿਧਾਇਕ ਜਗਦੀਪ ਕੰਬੋਜ ਗੋਲਡੀ
ਜਲਾਲਾਬਾਦ (ਰਜਨੀਸ਼ ਰਵੀ)। ਹਾੜ੍ਹੀ ਦੇ ਸੀਜ਼ਨ ਦੀ ਆਮਦ ਨਾਲ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਤੇ ਮੰਡੀ ਘੁਬਾਇਆ ’ਚ ਅੱਜ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਮੁਖੀਜਾ ਟਰੇਡਿੰਗ ਕੰਪਨੀ ਤੋਂ ਕਣਕ ਦੀ ਪਹਿਲੀ ਢੇਰੀ ਸਰਕਾਰੀ ਖਰੀਦ ਏਜੰਸੀ ਪਨਸਪ ਰਾਹੀਂ ਖਰੀਦ ਕਰਵਾ ਕੇ ਸੀਜ਼ਨ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਸਾਨਾਂ ਅਤੇ ਆੜਤੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਛੇ ਮਹੀਨੇ ਪੁੱਤਾਂ ਵਾਂਗ ਪਾਲਦਾ ਹੈ ਅਤੇ ਮੰਡੀ ਵਿੱਚ ਵੇਚਣ ਦਾ ਦਿਨ ਬਹੁਤ ਅਹਿਮ ਹੁੰਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਆੜਤੀਆਂ ਨੂੰ ਬਾਰਦਾਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਗੋਲਡੀ ਨੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਸਮਿਆਂ ਵਿੱਚ ਚੁਣਿਦੇ ਆੜਤੀਆਂ ਨੂੰ ਹੀ ਤਰਜੀਹ ਮਿਲਦੀ ਸੀ, ਪਰ ਪਿਛਲੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਗਿਆ ਅਤੇ ਹਰ ਆੜਤੀ ਨੂੰ ਪਾਰਦਰਸ਼ੀ ਢੰਗ ਨਾਲ ਬਾਰਦਾਨਾ ਦਿੱਤਾ ਜਾ ਰਿਹਾ ਹੈ।
Read Also : ਬਾਹਰੀ ਦਿੱਲੀ ’ਚ ਪਲਾਸਟਿਕ ਕੂੜੇ ਦੇ ਗੋਦਾਮ ’ਚ ਲੱਗੀ ਅੱਗ, ਤਿੰਨ ਦੀ ਗਈ ਜਾਨ
ਇਸ ਮੌਕੇ ਐਸ.ਡੀ.ਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ, ਮਾਰਕੀਟ ਕਮੇਟੀ ਚੇਅਰਮੈਨ ਦੇਵਰਾਜ ਸ਼ਰਮਾ, ਆੜਤੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ, ਮਾਰਕੀਟ ਕਮੇਟੀ ਸਕੱਤਰ ਅਤੇ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਰਹੇ।
