Punjab
Healthy Lifestyle Tips: ਵਧੀਆ ਜੀਵਨਸ਼ੈਲੀ ਅਪਣਾਓ ਤੇ ਬੇਲੋੜੇ ਤਣਾਅ ਨੂੰ ਛੱਡੋ
ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ
ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਕਈ ਵਾਰ ਦਿਖਾਈ ਨਹੀਂ ਦਿੰਦੇ ਪਰ ਇਹ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਦੀ ਬਿਮਾਰੀ ਅਤੇ ਅੰਨ੍ਹੇਪਣ ਤੱਕ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਪੰਜਾਬ ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
Read Also : Summer Health: ਮਾਹਿਰਾਂ ਦੀ ਸਲਾਹ, ਗਰਮੀ ’ਚ ਪਾਣੀ ਪੀਣ ਦਾ ਸਹੀ ਸਮਾਂ ਤੇ ਤਰੀਕਾ ਜਾਣੋ
ਕਾਰਨ:
ਹਾਈਪਰਟੈਨਸ਼ਨ ਦਾ ਮੁੱਖ ਕਾਰਨ ਗਲਤ ਜੀਵਨਸ਼ੈਲੀ ਹੈ। ਬਹੁਤ ਜ਼ਿਆਦਾ ਨਮਕ ਵਾਲਾ ਖਾਣਾ, ਤਲਿਆ ਹੋਇਆ ਭੋਜਨ, ਸਿਗਰਟਨੋਸ਼ੀ, ਸ਼ਰਾਬ, ਤਣਾਅ, ਕਸਰਤ ਦੀ ਘਾਟ ਅਤੇ ਮੋਟਾਪਾ ਇਸ ਬਿਮਾਰੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਸ਼ੂਗਰ, ਵਧਦੀ ਉਮਰ ਤੇ ਪਰਿਵਾਰਕ ਇਤਿਹਾਸ ਵੀ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਬਣਦੇ ਹਨ। ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਵਿੱਚ ਵੀ ਬਦਲਦੀ ਜੀਵਨਸ਼ੈਲੀ, ਬੇਲੋੜੀ ਭੱਜ-ਦੌੜ ਅਤੇ ਜੰਕ ਫੂਡ ਦੇ ਵਧਦੇ ਪ੍ਰਯੋਗ ਕਾਰਨ ਨੌਜਵਾਨਾਂ ਵਿੱਚ ਵੀ ਇਹ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।
ਕਿਵੇਂ ਹੋ ਸਕਦੈ ਬਚਾਅ:
ਹਾਈਪਰਟੈਨਸ਼ਨ ਤੋਂ ਬਚਾਅ ਲਈ ਸਿਹਤਮੰਦ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਹਰ ਰੋਜ਼ ਘੱਟੋ-ਘੱਟ 30 ਮਿੰਟ ਤੱਕ ਟਹਿਲਣਾ ਜਾਂ ਕਸਰਤ ਕਰਨੀ ਚਾਹੀਦੀ ਹੈ। ਖਾਣੇ ਵਿੱਚ ਹਰੀਆਂ ਸਬਜ਼ੀਆਂ, ਫਲ ਅਤੇ ਘੱਟ ਨਮਕ ਵਾਲਾ ਭੋਜਨ ਵਰਤਣਾ ਚਾਹੀਦਾ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਤਣਾਅ ਘਟਾਉਣ ਲਈ ਯੋਗਾ ਅਤੇ ਧਿਆਨ ਵੀ ਲਾਭਦਾਇਕ ਹਨ। 30 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਨੂੰ ਨਿਯਮਿਤ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਸਿਹਤ ਵਿਭਾਗ ਦੀਆਂ ਸੇਵਾਵਾਂ:
ਪੰਜਾਬ ਸਿਹਤ ਵਿਭਾਗ ਵੱਲੋਂ ਐਨਸੀਡੀ ਸਕ੍ਰੀਨਿੰਗ ਮੁਹਿੰਮ ਤਹਿਤ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਜਾਂਚ ਪ੍ਰਮੁੱਖਤਾ ਦੇ ਨਾਲ ਵਿਸ਼ੇਸ਼ ਮੁਹਿੰਮ ਚਲਾ ਕੇ ਕੀਤੀ ਜਾ ਰਹੀ ਹੈ। ਹਾਈਪਰਟੈਨਸ਼ਨ ਦਾ ਇਲਾਜ ਸੰਭਵ ਹੈ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ। ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਿਯਮਿਤ ਲੈਣੀਆਂ ਚਾਹੀਦੀਆਂ ਹਨ। ਕਈ ਲੋਕ ਦਵਾਈ ਲੈਣੀ ਛੱਡ ਦਿੰਦੇ ਹਨ ਜਦੋਂ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ, ਪਰ ਇਹ ਖ਼ਤਰਨਾਕ ਹੋ ਸਕਦਾ ਹੈ। ਪੰਜਾਬ ਸਿਹਤ ਵਿਭਾਗ ਨੇ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ (ਆਈਐੱਚਸੀਆਈ) ਰਾਹੀਂ ਸਰਕਾਰੀ ਹਸਪਤਾਲਾਂ ਅਤੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿੱਚ ਮੁਫ਼ਤ ਦਵਾਈਆਂ ਅਤੇ ਨਿਯਮਿਤ ਫਾਲੋਅਪ ਦੀ ਸਹੂਲਤ ਦਿੱਤੀ ਹੈ। ਪੰਜਾਬ ਸਿਹਤ ਵਿਭਾਗ ਦੀ ਟ੍ਰੀਟਮੈਂਟ ਚੈਨ ਅਨੁਸਾਰ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ, ਫਿਰ ਮਰੀਜ਼ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਇਸ ਤੋਂ ਬਾਅਦ ਨਿਯਮਿਤ ਬਲੱਡ ਪ੍ਰੈਸ਼ਰ ਮਾਨੀਟਰਿੰਗ, ਮੁਫ਼ਤ ਦਵਾਈ ਅਤੇ ਫਾਲੋਅਪ ਕੀਤਾ ਜਾਂਦਾ ਹੈ। ਜੇ ਲੋੜ ਹੋਵੇ ਤਾਂ ਮਰੀਜ਼ ਨੂੰ ਉੱਚ ਪੱਧਰੀ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ।
ਸਾਦਾ ਜੀਵਨ-ਸਾਦਾ ਖਾਣਾ ਤੇ ਚਿੰਤਾ ਮੁਕਤ ਰਹਿਣਾ:
ਆਓ! ਇੱਕ ਸਾਦਾ ਜੀਵਨ, ਵਧੀਆ ਖੁਰਾਕ ਅਤੇ ਬੇਲੋੜੇ ਤਣਾਅ ਨੂੰ ਛੱਡ ਕੇ, ਕਸਰਤ, ਯੋਗਾ ਅਤੇ ਧਿਆਨ ਵਰਗੇ ਸਾਧਨਾਂ ਦੀ ਵਰਤੋਂ ਕਰਦੇ ਹੋਏ ਤੰਦਰੁਸਤ ਜਿੰਦਗੀ ਬਤੀਤ ਕਰੀਏ ਤਾਂ ਜੋ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ ਅਤੇ ਜ਼ੇਕਰ ਲੋੜ ਹੋਵੇ ਤਾਂ ਸਿਹਤ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਈਏ
ਰਾਜੇਸ਼ ਰਿਖੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੋ. 94644-42300