Chandigarh News: ਪੈਟਰੋਲ-ਡੀਜ਼ਲ ਦੀ ਲਿਮਟ ਸਬੰਧੀ ਹੰਗਾਮਾ, ਪਹਿਲਾਂ ਕੀਤੀ ਤੈਅ, ਫਿਰ ਲਿਆ ਵਾਪਸ
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਦਿੱਤਾ ਸਪੱਸ਼ਟੀਕਰਨ, ਨਹੀਂ ਜਾਰੀ ਹੋਏ ਕੋਈ ਆਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਘਾਟ ਆਉਣ ਦੀ ਸ਼ੰਕਾ ਵਿੱਚ ਚੰਡੀਗੜ੍ਹ ਦੇ ਸੈਕਟਰ 17 ਵਿਖੇ ਸਥਿਤ ਇੱਕ ਪੈਟਰੋਲ ਪੰਪ ਮਾਲਕ ਵੱਲੋਂ ਪੈਟਰੋਲ ਤੇ ਡੀਜ਼ਲ ਦੀ ਖਰੀਦ ’ਤੇ ਹੀ ਲਿਮਿਟ ਤੈਅ ਕਰ ਦਿੱਤੀ ਗਈ ਕਿ ਕਾਰ ਵਿੱਚ ਸਿਰਫ਼ 1500 ਰੁਪਏ ਤੇ ਸਕੂਟਰੀ ਤੇ ਮੋਟਰਸਾਈਕਲ ਵਿੱਚ ਸਿਰਫ਼ 500 ਰੁਪਏ ਦਾ ਹੀ ਤੇਲ ਦਿੱਤਾ ਜਾਏਗਾ। ਇਸ ਦਾ ਬਕਾਇਦਾ ਇੱਕ ਪੋਸਟਰ ਵੀ ਬਣਾ ਕੇ ਪੈਟਰੋਲ-ਡੀਜ਼ਲ ਦੀਆਂ ਸਾਰੀਆਂ ਮਸ਼ੀਨਾਂ ’ਤੇ ਲਾ ਦਿੱਤਾ ਗਿਆ। ਇਸ ਮਾਮਲੇ ਵਿੱਚ ਕਾਫ਼ੀ ਜਿਆਦਾ ਹੰਗਾਮਾ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਖ਼ੁਦ ਸਾਹਮਣੇ ਆ ਕੇ ਇਸ ਦਾ ਸਪੱਸ਼ਟੀ ਕਰਨ ਦੇਣਾ ਪਿਆ ਕਿ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਾਈ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤੇ ਗਏ।
ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦਾ ਬਿਆਨ ਆਉਣ ਤੋਂ ਬਾਅਦ ਪੈਟਰੋਲ ਪੰਪ ਦੇ ਮੈਨੇਜਰ ਉਜ਼ਾਗਰ ਸਿੰਘ ਨੇ ਵੀ ਬਿਆਨ ਦਿੱਤਾ ਕਿ ਪਿੱਛੋਂ ਸਪਲਾਈ ਘੱਟ ਆਉਣ ਕਰਕੇ ਹੀ ਉਨ੍ਹਾਂ ਨੇ ਆਪਣੇ ਪੈਟਰੋਲ ਪੰਪ ’ਚ ਲਿਮਟ ਤੈਅ ਕੀਤੀ ਸੀ ਤੇ ਇਹ ਫੈਸਲਾ ਉਨ੍ਹਾਂ ਦਾ ਨਿੱਜੀ ਹੀ ਸੀ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 17 ’ਚ ਇੱਕ ਪੈਟਰੋਲ ਪੰਪ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੀ ਗੱਡੀਆਂ ’ਚ 1500 ਤੋਂ ਜਿਆਦਾ ਤੇਲ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤਾਂ ਦੋਪਹੀਆਂ ਸਾਧਨਾਂ ਨੂੰ ਵੀ ਸਿਰਫ਼ 500 ਰੁਪਏ ਦਾ ਹੀ ਤੇਲ ਦਿੱਤਾ ਜਾ ਰਿਹਾ ਸੀ।
Read Also : ਟਲਿਆ ਵੱਡਾ ਹਾਦਸਾ, ਬਿਨਾਂ ਡਰਾਈਵਰ ਟ੍ਰੇਨ ਦੌੜਨ ਕਾਰਨ ਮਚੀ ਅਫਰਾ-ਤਫਰੀ
ਇਸ ਦੌਰਾਨ ਕੁਝ ਸਾਧਨ ਚਾਲਕਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਪੈਟਰੋਲ ਪੰਪ ਦੇ ਕਰਮਚਾਰੀ ਵੱਲੋਂ ਇਸ ਸਬੰਧੀ ਬਕਾਇਦਾ ਇੱਕ ਪੋਸਟਰ ਹੀ ਬਣਾ ਕੇ ਪੈਟਰੋਲ ਪੰਪ ’ਚ ਲਾ ਦਿੱਤਾ ਗਿਆ ਕਿ ਇਸ ਤੋਂ ਜਿਆਦਾ ਪੈਟਰੋਲ ਕਿਸੇ ਨੂੰ ਵੀ ਨਹੀਂ ਮਿਲੇਗਾ ਤੇ ਇਸ ਲਿਮਟ ਅਨੁਸਾਰ ਹੀ ਪੈਟਰੋਲ ਤੇ ਡੀਜ਼ਲ ਨੂੰ ਦਿੱਤਾ ਜਾਏਗਾ। ਇਸ ਪੈਟਰੋਲ ਪੰਪ ਦੀ ਲਿਮਿਟ ਲਗਾਉਣ ਦੀ ਵੀਡੀਓ ਬਣਾ ਕੇ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਤਾਂ ਉਸ ਦੇ ਵਾਇਰਲ ਹੋਣ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਵੱਲੋਂ ਵੀ ਮੌਕੇ ਦੀ ਸਥਿਤੀ ਅਨੁਸਾਰ ਖ਼ਬਰ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਕੁਝ ਹੀ ਦੇਰ ਵਿੱਚ ਇਹ ਖ਼ਬਰ ਚੰਡੀਗੜ੍ਹ ਤੋਂ ਨਿਕਲ ਕੇ ਦਿੱਲੀ ਤੱਕ ਪੁੱਜੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਮਲੇ ਦੀ ਪੈਰਵੀ ਕਰਦੇ ਹੋਏ ਤੁਰੰਤ ਇਸ ਤਰ੍ਹਾਂ ਦੇ ਸਾਰੇ ਪੋਸਟਰਾਂ ਨੂੰ ਸਬੰਧਿਤ ਪੈਟਰੋਲ ਪੰਪ ਤੋਂ ਹਟਵਾਉਂਦੇ ਹੋਏ ਬਕਾਇਦਾ ਬਿਆਨ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਕੋਈ ਲਿਮਟ ਤੈਅ ਨਹੀਂ ਕੀਤੀ ਗਈ ਹੈ ਤੇ ਨਾ ਹੀ ਪੈਟਰੋਲ ਜਾਂ ਫਿਰ ਡੀਜ਼ਲ ਦੇ ਸਟਾਕ ’ਚ ਕੋਈ ਘਾਟ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਅਫ਼ਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ। ਚੰਡੀਗੜ੍ਹ ’ਚ ਪੂਰਾ ਸਟਾਕ ਪਿਆ ਹੈ ਤੇ ਪੈਟਰੋਲ ਤੇ ਡੀਜ਼ਲ ਆਮ ਦਿਨਾਂ ਵਾਂਗ ਮਿਲਦਾ ਰਹੇਗਾ।
About The Author