Punjab Electricity News: ਗਰਮੀ ਨੇ ਜ਼ੋਰ ਫੜਿਆ, ਬਿਜਲੀ ਦੀ ਮੰਗ 13700 ਮੈਗਾਵਾਟ ਨੂੰ ਪਾਰ

ਪਾਵਰਕੌਮ ਦੇ ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਦਾ ਯੂਨਿਟ ਬੰਦ

Ravinder Sharma Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗਰਮੀ ਵਧਣ ਕਾਰਨ ਸੁੂਬੇ ਅੰਦਰ ਬਿਜਲੀ ਦੀ ਮੰਗ ’ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਪੰਜਾਬ ਅੰਦਰ ਅੱਜ ਬਿਜਲੀ ਦੀ ਮੰਗ 13700 ਮੈਗਾਵਾਟ ਨੂੰ ਪਾਰ ਕਰ ਗਈ ਹੈ। ਇੱਧਰ ਪਾਵਰਕੌਮ ਦੇ ਥਰਮਲਾਂ ਦੇ ਦੋ ਸਰਕਾਰੀ ਤੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਦਾ ਯੂਨਿਟ ਬੰਦ ਪਿਆ ਹੈ।

ਦੱਸਣਯੋਗ ਹੈ ਕਿ ਮਈ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਚ ਮੌਸਮ ਠੰਢਾ ਰਿਹਾ ਹੈ ਅਤੇ ਗਰਮੀ ਤੋਂ ਰਾਹਤ ਮਿਲੀ ਸੀ। 15 ਮਈ ਤੋਂ ਬਾਅਦ ਤਾਪਮਾਨ ’ਚ ਮੁੜ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਗਰਮ ਹਵਾਵਾਂ ਕਾਰਨ ਦੁਪਹਿਰ ਮੌਕੇ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਸੀ। ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਚੜ੍ਹਨ ਲੱਗੀ ਹੈ। ਅੱਜ ਵੱਧ ਤੋਂ ਵੱਧ ਬਿਜਲੀ ਦੀ ਮੰਗ 13712 ਮੈਗਾਵਾਟ ਦਰਜ਼ ਕੀਤੀ ਗਈ ਹੈ ਜਦਕਿ ਪਿਛਲੇ ਦਿਨਾਂ ਦੌਰਾਨ ਇਹ ਮੰਗ 10 ਹਜ਼ਾਰ ਮੈਗਾਵਾਟ ਦੇ ਨੇੜੇ ਚੱਲ ਰਹੀ ਸੀ।

Read Also : ਅਵਾਰਾ ਕੁੱਤਿਆਂ ਸਬੰਧੀ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, Dog Lovers ਨੂੰ ਵੱਡਾ ਝਟਕਾ

ਸ਼ਾਮ ਪੰਜ ਵਜੇ ਵੀ ਬਿਜਲੀ ਦੀ ਮੰਗ 12000 ਹਜ਼ਾਰ ਮੈਗਾਵਟ ’ਤੇ ਚੱਲ ਰਹੀ ਸੀ। ਬਿਜਲੀ ਦੀ ਮੰਗ ਵੱਧਣ ਕਾਰਨ ਦਿਹਾਤੀ ਤੇ ਸ਼ਹਿਰੀ ਖੇਤਰਾਂ ’ਚ ਕੱਟ ਲੱਗਣ ਦੀਆਂ ਸੂਚਨਾਵਾਂ ਵੀ ਪ੍ਰਾਪਤ ਹੋਈਆਂ ਹਨ। ਇੱਧਰ ਜੇਕਰ ਥਰਮਲ ਪਲਾਟਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਰੋਪੜ ਥਮਰਲ ਪਲਾਂਟ ਦੇ ਤਿੰਨ ਯੂਨਿਟਾਂ ਵੱਲੋਂ 419 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਦਕਿ ਚਾਰ ਨੰਬਰ ਯੂਨਿਟ ਬੰਦ ਪਿਆ ਹੈ। ਇਸੇ ਤਰ੍ਹਾਂ ਹੀ ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਤਿੰਨ ਯੂਨਿਟ ਕਾਰਜਸ਼ੀਲ ਹਨ ਤੇ ਇੱਥੋਂ 560 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ।

ਇਸ ਥਰਮਲ ਦਾ ਵੀ ਚਾਰ ਨੰਬਰ ਯੂਨਿਟ ਬੰਦ ਪਿਆ ਹੈ। ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ ਅਤੇ ਇੱਥੋਂ 458 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾ ਦੋਵੇਂ ਯੂਨਿਟਾਂ ਤੋਂ 1329 ਮੈਗਾਵਾਟ ਬਿਜਲੀ ਪਾਵਰਕੌਮ ਨੂੰ ਹਾਸਲ ਹੋ ਰਹੀ ਹੈ।

ਪੰਜਾਬ ਦੇ ਸਭ ਤੋਂ ਵੱਡੇ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ’ਚੋਂ ਇੱਕ ਯੂਨਿਟ 3 ਨੰਬਰ ਬੰਦ ਪਿਆ ਹੈ ਜਦਕਿ ਦੋ ਯੂਨਿਟਾਂ ਵੱਲੋਂ 1187 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਮੰਗ ਦੇ ਮੁਕਾਬਲੇ ਬਿਜਲੀ ਦੀ ਉਪਲੱਬਧਤਾ ’ਚ ਪਾੜਾ ਪੈ ਰਿਹਾ ਹੈ, ਜਿਸ ਕਾਰਨ ਕੱਟਾਂ ਨਾਲ ਬਿਜਲੀ ਦੀ ਸਥਿਤੀ ਨੂੰ ਕਾਬੂ ਕੀਤਾ ਜਾ ਰਿਹਾ ਹੈ।   

About The Author

Related Posts