Punjab
Fazilka News: ਆਨਲਾਈਨ ਫਾਰਮੇਸੀਆਂ ਖ਼ਿਲਾਫ਼ 20 ਮਈ ਦੀ ਮੈਡੀਕਲ ਸਟੋਰ ਹੜਤਾਲ ਨੂੰ ਐਸਸੀ, ਐਸਟੀ, ਓ.ਬੀ.ਸੀ. ਮਹਾ ਸੰਘਰਸ਼ ਕਮੇਟੀ ਦਾ ਪੂਰਨ ਸਮੱਰਥਨ: ਰੋਹਿਤ ਗੁਡਾਲੀਆ
20 ਮਈ ਨੂੰ ਪੰਜਾਬ ਭਰ ’ਚ ਕੈਮਿਸਟ ਸ਼ਾਪਸ ਰਹਿਣਗੀਆਂ ਮੁਕੰਮਲ ਬੰਦ
ਜਲਾਲਾਬਾਦ/ਫਾਜ਼ਿਲਕਾ (ਰਜਨੀਸ਼ ਰਵੀ)। ਆਨਲਾਈਨ ਦਵਾਈਆਂ ਦੀ ਵਿਕਰੀ ਈ-ਫਾਰਮੇਸੀ ਦੇ ਵਧ ਰਹੇ ਰੁਝਾਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਦੇਸ਼ ਭਰ ਦੇ ਮੈਡੀਕਲ ਸਟੋਰ ਸੰਚਾਲਕਾਂ ਵੱਲੋਂ ਵਿੱਢੀ ਗਈ ਆਰ-ਪਾਰ ਦੀ ਲੜਾਈ ਨੂੰ ਹੁਣ ਕਈ ਜਥੇਬੰਦੀਆਂ ਦਾ ਵੀ ਸਮਰਥਨ ਮਿਲਿਆ ਹੈ। ’ਐਸ.ਸੀ., ਐਸ.ਟੀ., ਓ.ਬੀ.ਸੀ. ਮਹਾ ਸੰਘਰਸ਼ ਕਮੇਟੀ’ ਅਤੇ ’ਡਾਕਟਰ ਭੀਮ ਰਾਓ ਅੰਬੇਡਕਰ ਐਸ.ਸੀ., ਐਸ.ਟੀ., ਓ.ਬੀ.ਸੀ. ਵੈਲਫੇਅਰ ਸੋਸਾਇਟੀ (ਰਜਿ.)’ ਦੇ ਪ੍ਰਧਾਨ ਰੋਹਿਤ ਗੁਡਾਲੀਆ ਨੇ ਆਉਂਦੀ 20 ਮਈ ਨੂੰ ਹੋਣ ਜਾ ਰਹੀ ਦੇਸ਼ ਵਿਆਪੀ ਮੈਡੀਕਲ ਸਟੋਰ ਹੜਤਾਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
Read Also : 16 ਘੰਟਿਆਂ ’ਚ ਹੀ ਲੋੜਵੰਦ ਪਰਿਵਾਰ ਨੂੰ ਬਲਾਕ ਮਲੋਟ ਦੀ ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਰੋਹਿਤ ਗੁਡਾਲੀਆ ਨੇ ਕਿਹਾ ਕਿ ਆਨਲਾਈਨ ਫਾਰਮੇਸੀਆਂ ਕਾਰਨ ਅੱਜ ਦੇਸ਼ ਅਤੇ ਸੂਬੇ ਦਾ ਛੋਟਾ ਦੁਕਾਨਦਾਰ ਤਬਾਹੀ ਦੇ ਕੰਢੇ ’ਤੇ ਆ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27,500 ਮੈਡੀਕਲ ਸਟੋਰ ਹਨ, ਜਿਨ੍ਹਾਂ ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਦੇ ਕਾਰੋਬਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਥਾਨਕ ਕਾਰੋਬਾਰ ਖ਼ਤਮ ਹੋਣ ਦੇ ਕਗਾਰ ’ਤੇ ਹੈ।
ਛੋਟੇ ਦੁਕਾਨਦਾਰਾਂ ਨੂੰ ਖ਼ਤਮ ਕਰ ਰਹੀਆਂ ਨੇ ਸਰਕਾਰੀ ਨੀਤੀਆਂ
ਰੋਹਿਤ ਗੁਡਾਲੀਆ ਨੇ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਭਾਰਤ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਛੋਟੇ ਵਪਾਰੀਆਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਮੈਡੀਕਲ ਸਟੋਰ ਸੰਚਾਲਕਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਅਤੇ ਭਾਰਤ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਅਤੇ ਬਿਨਾਂ ਸ਼ਰਤ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ।
20 ਮਈ ਨੂੰ ਪੰਜਾਬ ਭਰ ’ਚ ਕੈਮਿਸਟ ਸ਼ਾਪਸ ਰਹਿਣਗੀਆਂ ਮੁਕੰਮਲ ਬੰਦ
ਇਸੇ ਕੜੀ ਤਹਿਤ ਆਉਂਦੀ 20 ਮਈ ਨੂੰ ਦੇਸ਼ ਵਿਆਪੀ ਸੱਦੇ ’ਤੇ ਪੰਜਾਬ ਭਰ ਵਿੱਚ ਵੀ ਸਾਰੇ ਮੈਡੀਕਲ ਸਟੋਰ ਅਤੇ ਕੈਮਿਸਟ ਸ਼ਾਪਸ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਮਹਾ ਸੰਘਰਸ਼ ਕਮੇਟੀ ਅਤੇ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਸਾਫ਼ ਕੀਤਾ ਕਿ ਉਹ ਇਸ ਹੜਤਾਲ ਵਿੱਚ ਕੇਵਲ ਨੈਤਿਕ ਸਮਰਥਨ ਹੀ ਨਹੀਂ ਦੇਣਗੇ, ਬਲਕਿ ਛੋਟੇ ਕਾਰੋਬਾਰੀਆਂ ਦੇ ਹੱਕਾਂ ਦੀ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਆਨਲਾਈਨ ਦਵਾਈਆਂ ਦੀ ਵਿਕਰੀ ’ਤੇ ਲਗਾਮ ਨਾ ਲਗਾਈ ਅਤੇ ਸਥਾਨਕ ਕੈਮਿਸਟਾਂ ਦੀਆਂ ਮੰਗਾਂ ਨਾ ਮੰਨੀਆਂ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।