Punjab
Ghagga News Today: ਪਟਿਆਲਾ-ਪਾਤੜਾਂ ਰੋਡ ’ਤੇ ਭਿਆਨਕ ਸੜਕ ਹਾਦਸਾ, ਬੱਸ ਪਲਟਣ ਕਾਰਨ ਇੱਕ ਦੀ ਮੌਤ, 11 ਗੰਭੀਰ ਜ਼ਖ਼ਮੀ
ਸਵਾਰੀਆਂ ਨਾਲ ਭਰੀ ਬੱਸ ਖੰਭੇ ਨਾਲ ਟਕਰਾਈ
ਘੱਗਾ (ਵਿਸ਼ਾਲ ਕੁਮਾਰ ਗੋਇਲ)। ਅੱਜ ਤੜਕਸਾਰ ਘੱਗਾ ਇਲਾਕੇ ਦੇ ਆਤਾਲਾ ਮੋੜ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਬੱਸ ਦੇ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 11 ਹੋਰ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਬੱਸ ਦਾ ਅਚਾਨਕ ਸੰਤੁਲਨ ਵਿਗੜਨ ਅਤੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਸਿੱਕਰ ਵਾਇਆ ਹੋ ਕੇ ਪੰਜਾਬ ਆਉਣ ਵਾਲੀ ਇੱਕ ਨਿੱਜੀ ਬੱਸ ਜਿਸ ਦਾ ਨੰਬਰ AR 01 Q 2771, ਜਦੋਂ ਆਤਾਲਾ ਮੋੜ ਨੇੜੇ ਪਹੁੰਚੀ ਤਾਂ ਡਰਾਈਵਰ ਵੱਲੋਂ ਸੰਤੁਲਨ ਗੁਆ ਦਿੱਤੇ ਜਾਣ ਕਾਰਨ ਬੱਸ ਸੜਕ ਕਿਨਾਰੇ ਲੱਗੇ ਖੰਭੇ ਵਿੱਚ ਜਾ ਵੱਜੀ ਅਤੇ ਵਿਚਕਾਰ ਸੜਕ ’ਤੇ ਹੀ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਵਿੱਚ ਸਵਾਰ 12 ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ।

ਜ਼ਖ਼ਮੀਆਂ ਨੂੰ ਮੌਕੇ ’ਤੇ ਪਹੁੰਚੀਆਂ ਸਰਕਾਰੀ ਅਤੇ ਨਿੱਜੀ ਐਂਬੂਲੈਂਸਾਂ ਰਾਹੀਂ ਤੁਰੰਤ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਇੱਕ ਵਿਅਕਤੀ ਦੀ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਮੌਤ ਹੋ ਗਈ ਹੈ, ਜਦਕਿ ਬਾਕੀ 11 ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।
Read Also : ਦੇਸ਼ ਭਰ ’ਚ ਪੈਟਰੋਲ, ਡੀਜ਼ਲ ਤੇ ਸੀਐਨਜੀ ਹੋਏ ਮਹਿੰਗੇ, ਨਵੀਆਂ ਦਰਾਂ ਅੱਜ ਤੋਂ ਲਾਗੂ
ਹਾਦਸੇ ਤੋਂ ਬਾਅਦ ਬੱਸ ਸੜਕ ਦੇ ਵਿਚਕਾਰ ਪਲਟ ਜਾਣ ਕਾਰਨ ਆਵਾਜਾਈ ਵੀ ਪ੍ਰਵਾਵਿੱਤ ਰਹੀ । ਮੌਕੇ ’ਤੇ ਥਾਣਾ ਘੱਗਾ ਦੇ ਐੱਸਐੱਚਓ ਜੈਦੀਪ ਸ਼ਰਮਾ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਵੱਲੋਂ ਹਾਈਡ੍ਰੌਲਿਕ ਕ੍ਰੇਨ (ਹੈਡਰਾ) ਮੰਗਵਾ ਕੇ ਬੱਸ ਨੂੰ ਸੜਕ ਤੋਂ ਪਾਸੇ ਕਰਵਾਇਆ ਗਿਆ, ਜਿਸ ਤੋਂ ਬਾਅਦ ਟਰੈਫਿਕ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਜਾ ਸਕਿਆ।
ਹਾਦਸੇ ਵਾਲੀ ਥਾਂ ਤੋਂ ਬਰਾਮਦ ਹੋਇਆ ਸਵਾਰੀਆਂ ਦਾ ਸਾਰਾ ਸਾਮਾਨ ਘੱਗਾ ਥਾਣੇ ਦੇ ਆਈ.ਓ. ਏ.ਐੱਸ.ਆਈ. ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਜਾਂ ਕਿਸੇ ਤਕਨੀਕੀ ਨੁਕਸ ਕਾਰਨ।